ਕੈਨੇਡਾ ਦੇ ਪਲੇਠੇ ਸਿੱਖ ਸੁਰੱਖਿਆ ਮੰਤਰੀ ਹਰਜੀਤ ਸਿੰਘ ਸਾਜਨ ਦੀ ਹੋਰਨਾਂ ਦੇਸਾਂ ਸਮੇਤ ਭਾਰਤ ਫੇਰੀ ‘ਇੱਕ ਇਤਿਹਾਸਿਕ ਮੋੜਾ’
ਇਕ ਸਦੀ ਪਹਿਲਾਂ ਜਿਸ ਧਰਤੀ ਉਪਰ ਪੰਜਾਬੀ-ਭਾਰਤੀ ਲੋਕਾਂ ਨੂੰ Undesirable Indian Identity ਗਰਦਾਨ ਕੇ ਜਹਾਜ਼ ਵਿਚੋਂ ਵੀ ਉਤਰਨ ਉਪਰ ਪਾਬੰਦੀ ਸੀ। ਜਿਹਦੀ ਪਾਰਲੀਮੈਂਟ ਵਿਚ ਕਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਹਨ ਮਕਡੌਨਲਡ ਦਾ ‘ਵਾਈਟਮੈਨ’ਜ਼ ਕੰਟਰੀ’ ਵਾਲਾ ਸੰਕਲਪ ਦੁਹਰਾਉਂਦਿਆਂ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਵਾਪਿਸ ਮੌਤ ਦੇ ਮੂੰਹ ਵਿਚ ਧੱਕਦਿਆਂ ਓਦੋਂ ਬ੍ਰਿਟਿਸ਼ ਕੋਲੰਬੀਆ ਦੇ ਤਤੁਕਾਲੀ ਪ੍ਰੀਮੀਅਰ ਸਰ ਰਿਚਰਡ ਮੈਕਬਰਾਈਡ ਨੇ ਆਖਿਆ ਸੀ , . . “ and we always have in mind the necessity of keeping this a white man’s country”. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਉਸੇ ਪਾਰਲੀਮੈਂਟ ਵਿਚ ਰਸਮੀ ਤੌਰ ਤੇ ਕਾਮਾਗਾਟਾ ਮਾਰੂ ਦੇ ਉਨ੍ਹਾਂ ਪੀੜਤ ਮੁਸਾਫਰਾਂ ਨਾਲ ਹੋਈ ਨਸਲੀ ਬੇਇਨਸਾਫੀ ਲਈ ਮੁਆਫੀ ਮੰਗਣਾ ਕੋਈ ਛੋਟੀ ਗੱਲ ਨਹੀਂ ਸੀ। ਪਰ ਅੱਤਿਵਾਦ ਦੇ ਇਸ ਅਸੁਰੱਖਿਅਕ ਦੌਰ ਵਿਚ ਆਪਣੇ ਇਸ ਪਿਆਰੇ ਦੇਸ ਦੀ ਸੁਰੱਖਿਆ ਦੀ ਵਾਗਡੋਰ ਹੀ ਪੰਜਾਬੀ-ਭਾਰਤੀ ਮੂਲ਼ ਦੇ ਓਸੇ ਸਿੱਖ-ਕਨੇਡੀਅਨ ਦੇ ਹੱਥ ਸੌਂਪ ਦੇਣਾ ਦੂਰੁਅੰਦੇਸ਼ੀ, ਮਨੁੱਖੀ ਬਰਾਬਰੀ ਅਤੇ ਪੂਰਨ ਭਰੋਸਗੀ ਲਈ ਚੰਗੀ ਸ਼ੁਰੂਆਤ ਹੈ।
ਜੋ ਕੌਮਾਂ ਜਾਂ ਲੋਕ ਆਪਣੇ ਇਤਿਹਾਸ ਤੋਂ ਕੋਈ ਸਬਕ ਨਹੀਂ ਲੈਂਦੇ, ਉਹ ਬਾਰ ਬਾਰ ਉਹੀ ਸੰਤਾਪ ਭੁਗਤਦੇ ਹਨ; ਇਹ ਗੱਲ ਆਾਪਾਂ ਸਭ ਕਹਿੰਦੇ, ਸੁਣਦੇ ਰਹਿੰਦੇ ਹਾਂ। ਇਸ ਤੋਤਾ-ਰਟਣੀ ਦੇ ਬਾਵਜੂਦ ਹੁੰਦਾ ਉਹੀ ਕੁਝ ਹੈ ਜੋ ਉਨ੍ਹਾਂ ਤੋਤਿਆਂ ਨਾਲ ਹੋਇਆ ਸੀ, ਜੋ ਸ਼ਿਕਾਰੀ ਦੇ ਜਾਲ ਵਿਚ ਫਸਦੇ ਵੀ ਰਹੇ ਸਨ ਤੇ ਅੱਗੇ ਤੋਂ ਕਦੀ ਨਾ ਫਸਣ ਲਈ ਗਾਉਂਦੇ ਵੀ ਰਹੇ ਸਨ। ਪਰ ਕਨੇਡਾ ਦੀ ਨਵੀਂ ਦੁਨੀਆਂ ਇਸ ਨੂੰ ਅੰਜਾਮ ਦੇਣ ਲਈ ਅਜ ਰਾਹ-ਦਸੇਰਾ ਬਣਕੇ ਜੱਗ ਨੂੰ ਮੁਖਾਤਿਬ ਹੋਈ ਹੈ। ਇਤਿਹਾਸ ਨੂੰ ਪੁੱਠਾ ਗੇੜ ਦੇਣ ਦੀ ਤਾਕ ਵਿਚ ਗੋਂਦਾਂ ਗੁੰਦਣ ਵਾਲਿਆਂ ਦੇ ਉਲਟ ਉਸਰ ਰਹੇ ਇਸ ‘ਗਲੋਬਲ ਪਿੰਡ’ ਵਿਚਲੇ ਨਵੇਂ ਸੱਭਿਆਚਾਰ ਦੀ ਉਸਾਰੀ ਲਈ ਉਨ੍ਹਾਂ ਵਲੋਂ ਇਹ ਨੀਂਹ- ਪੱਥਰ ਵੀ ਹੈ, ਤੇ ਲਲਕਾਰ ਵੀ ਹੈ। ਬਹੁ-ਸੱਭਿਆਚਾਰ ਦੀ ਜਿੱਤ ਹੋਣ ਲਈ ਭਰੋਸਾ ਹੈ। ਬਹੁ-ਭਾਸ਼ੀ ਹੋਣ ਲਈ ਸੱਦਾ ਹੈ। ਵਿਕਸਤ ਪਛਮੀ ਸੱਭਿਅਤਾ ਦੇ ਸ਼ਕਤੀਸ਼ਾਲੀ ਸੱਭਿਆਚਾਰ ਵਿਚ ਇਹ ਕੇਵਲ ਪੰਜਾਬੀ ਜਾਂ ਹਿੰਦੁਸਤਾਨੀ ਸੱਭਿਆਚਾਰ ਲਈ ਹੀ ਨਹੀਂ, ਸਮੁੱਚੇ ਘੱਟ ਗਿਣਤੀ ਸੱਭਿਆਚਾਰਾਂ ਲਈ ਵੱਡੀ ਜਿੱਤ ਹੈ। ਨਵੇਂ ਰਾਹਾਂ ਤੇ ਤੁਰਦਿਆਂ ਇਸ ਉਦਾਰ ਚਿੱਤ ਦਰਿਆੁ ਦਿਲੀ ਲਈ, ਆਉ ਕਨੇਡਾ ਦੀ ਸਰਕਾਰ ਦਾ ਇਸਤਕਬਾਲ ਕਰੀਏ |
ਆਪਣੇ ਤੌਰ’ਤੇ ਇਸ ਬਾਰੇ ਮੈਂ ਇੱਕ ਵੀਡੀਓ ਅਤੇ ਹੇਠ ਲਿਖੀ ਇਹ ਬਲੌਗ ੪ ਅਗਸਤ, ੨੦੧੬ ਨੂੰ ਵੀ ਪੋਸਟ ਕੀਤੀ ਸੀ। ਪੂਰੇ ਪਰਚੇ ਦੀ ਰਿਪੋਟ ‘ਅੰਮ੍ਰਿਤਸਰ ਟਾਈਮਜ਼,’ ‘ਸੀਰਤ’ ਅਤੇ ‘ਪਰੀਤਲੜੀ’ ਰਸਾਲਿਆਂ ਵਿਚ ਵੀ ਛਪੀ ਸੀ। ਦੋਸਤਾਂ ਸਨੇਹੀਆਂ ਦੇ ਕਹਿਣ ਤੇ ਉਸ ਪਰਚੇ ਦਾ ‘ਸਾਰ – ਅੰਸ਼’ ਇਥੇ ਪੇਸ਼ ਕਰਦਿਆਂ, ਹੇਠ ਦਿੱਤੇ ਲਿੰਕ ਉਪਰ ਉਹ ਦੁਬਾਰਾ ਪੋਸਟ ਕਰਨ ਦੀ ਖੁਸ਼ੀ ਲੈ ਰਿਹਾ ਹਾਂ। ਹਮੇਸ਼ਾ ਵਾਂਗ ਤੁਹਾਡੇ ਕੁਮੈਂਟਸ ਦੀ ਉਡੀਕ ਰਹੇਗੀ: https://www.pashaurasinghdhillon.com/discussion/parvas-vich-punjabi-sabhiachar-ate-badlde-parsang/
PARVAS VICH PUNJABI SABHIACHAR ATE BADLDE PARSANG’ Total 17 papers were presented by various scholars from different countries, who attended the Vishav Punjabi Conference held in Fresno on 4-5 June, 2016. Here are Concluding Remarks ( ਸਾਰਅੰਸ਼ ) of the above mentioned paper presented by Pashaura Singh Dhillon.
“ਪਰਵਾਸ ਵਿਚ ਪੰਜਾਬੀ ਸਭਿਆਚਾਰ ਅਤੇ ਬਦਲਦੇ ਪ੍ਰਸੰਗ ”
ਸਾਰਅੰਸ਼:
ਅਮਰੀਕਾ ਵਿਚ ਆਪਣੇ ਗ਼ਦਰੀ ਅਤੇ ਸੰਗਰਾਮੀ ਵਿਰਸੇ ਉੱਪਰ ਪਹਿਰਾ ਦਿੰਦਿਆਂ ਮੇਰੇ ਇਸ ਲੇਖ ਦਾ ਸਿਰਲੇਖ ਪਗੜੀ ਸੰਭਾਲ ਜੱਟਾ ਵਾਲਾ ਇਨਕਲਾਬੀ ਸਿਰਲੇਖ ਵੀ ਹੋ ਸਕਦਾ ਸੀ। ੨੦ਵੀਂ ਸਦੀ ਦੇ ਸ਼ੁਰੂ ਵਿਚ ਚਾਚਾ ਅਜੀਤ ਸਿੰਘ ਵਾਲੇ ਇਨਕਲਾਬੀ ਗੀਤ ਨਾਲ ਓਦੋਂ ਵੀ ਇਸ ਪਗੜੀ ਨੇ ਅਲੰਕਾਰ ਵਜੋਂ ਕਿਸੇ ਇੱਕ ਧਰਮ ਖ਼ਾਤਰ ਨਹੀਂ ਸਮੁੱਚੇ ਪੰਜਾਬ ਅਤੇ ਪੰਜਾਬੀ ਸਭਿਆਚਾਰ ਦੀ ਰਾਖੀ ਦੀ ਪ੍ਰਤੀਕ ਬਣ ਕੇ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲਈ ਸੀ। ਅਮਰੀਕਾ ਵਿਚੋਂ ਗ਼ਦਰ ਪਾਰਟੀ ਦੇ ਝੰਡੇ ਹੇਠ, ਗ਼ਦਰੀ ਬਾਬਿਆਂ ਦੇ ਸਿਰੀਂ ਵੀ ਇਹੀ ਪਗੜੀ ਪੰਜਾਬੀਅਤ ਦੀ ਪ੍ਰਤੀਕ ਹੀ ਨਹੀਂ, ਸਮੁੱਚੀ ‘ਹਿੰਦੁਸਤਾਨੀਅਤ ਦੀ ਆਜ਼ਾਦੀ ਲਈ ਲੜਾਈ’ ਦੀ ਪ੍ਰਤੀਕ ਬਣ ਕੇ ਉੱਭਰੀ ਸੀ। ਉਸ ਵੇਲੇ ਕੇਵਲ ਸਿੱਖ ਜਾਂ ਪੰਜਾਬੀ ਹੀ ਨਹੀਂ, ਸਮੁੱਚੇੇ ਹਿੰਦੁਸਤਾਨੀ, ਇੱਕ ਲੜੀ ਪਰੋਏ ਗਏ ਸਨ। ਉਨ੍ਹਾਂ ਦੇਸ਼-ਭਗਤਾਂ ਦੀ ਅਗਵਾਈ ਹੇਠ ਕੌਮੀ ਏਕਤਾ ਵਾਲੀ ਅਜਿਹੀ ਮਿਸਾਲ ਨਾ ਤਾਂ ਕਦੇ ਇਸ ਤੋਂ ਪਹਿਲਾਂ ਮਿਲਦੀ ਸੀ, ਅਤੇ ਨਾ ਹੀ ਉਸ ਤੋਂ ਮਗਰੋਂ ਅਜੇ ਤੀਕ ਹਿੰਦੁਸਤਾਨ ਵਿਚ ਦਿਸਦੀ ਨਜ਼ਰ ਆਉਂਦੀ ਹੈ।
ਅਜੋਕੀ ਸਥਿਤੀ ਅੰਦਰ ਕਿਸੇ ਹੋਰ ਪ੍ਰਸੰਗ ਵਿਚ, ਹਥਲਾ ਲੇਖ ਵੀ ੳਨ੍ਹਾਂ ਨਾਲ ਹੀ ਮੇਲ ਖਾਂਦਾ ਹੈ, ਜਦੋਂ ਕੌਮੀ ਸੁਰੱਖਿਆ ਦੇ ਬਹਾਨੇ ਇਸ ਪਗੜੀ ਨੂੰ ਬਾਹਰੀ ਦਿੱਖ ਕਾਰਨ ਆਤੰਕਵਾਦੀਆਂ ਦਾ ਹਊਆ ਬਣਾ ਦਿੱਤਾ ਗਿਆ ਹੈ। ਅਜਿਹੀਆਂ ਚਾਲਾਂ ਨਾਲ ਵਾਰੀ ਵਾਰੀ ਨਾਨਵਾਈਟ ਘੱਟਗਿਣਤੀਆਂ ਨੂੰ ਨਰੜ ਕੇ ਨਸਲਵਾਦੀ ਬਘਿਆੜਾਂ ਅੱਗੇ ਸੁੱਟ ਦੇਣਾ ਕੇਵਲ ਕਲ੍ਹ ਦੀ ਗੱਲ ਨਹੀਂ ਹੈ, ਉਸ ਸੋਚ ਅਤੇ ਚਾਲ ਵਾਲੇ ਲੋਕ ਅੱਜ ਵੀ ਹਨ। ਪਰ ਇਸ ਵੇਰ ਇਸ ਪਗੜੀ ਦੇ ਪੇਚਾਂ ਵਿਚ ਕੇਵਲ ਪੰਜਾਬੀ ਜਾਂ ਹਿੰਦੁਸਤਾਨੀ ਸਭਿਆਚਾਰ ਹੀ ਨਹੀਂ, ਏਥੇ ਵੱਸਦੀਆਂ ਹੋਰ ਘੱਟਗਿਣਤੀਆਂ ਦੇ ਸਭਿਆਚਾਰ ਵੀ ਬੱਝ ਗਏ ਹੋਏ ਹਨ। ਇਹਦੇ ਸਨਮੁੱਖ ਅਜੋਕੀ ਵੰਗਾਰ ਬੇਸ਼ੱਕ ਪਹਿਲੀਆਂ ਇਤਿਹਾਸਿਕ ਵੰਗਾਰਾਂ ਨਾਲੋਂ ਕਿਸੇ ਤਰਾਂ ਵੀ ਵੱਖਰੀ ਨਹੀਂ ਹੈ, ਵੱਖਰਾ ਜੇ ਹੈ ਤਾਂ ਇਹ ਕਿ ਇਸ ਵੇਰ ਕੌਮੀ ਪੱਧਰ ਤੇ ਪ੍ਰਤੀਕਰਮ ਵੱਖਰਾ ਹੋ ਰਿਹਾ ਹੈ।ਜਿੱਥੇ ਮੁਗ਼ਲ ਰਾਜ ਵੇਲੇ ਮੁਗ਼ਲ ਆਪਣੀ ਬਾਦਸ਼ਾਹੀ ਨੂੰ ਪੰਜਾਬੀਅਤ ਕੋਲੋਂ ਖ਼ਤਰਾ ਸਮਝ ਕੇ ਅਖੀਰ ਤੀਕ ਇਸ ਦੇ ਕੱਟੜ ਵੈਰੀ ਰਹੇ। ਅਜੀਤ ਸਿੰਘ ਵੇਲੇ ਅੰਗਰੇਜ਼ਾਂ ਨੇ ਇਸ ਉੱਪਰ ਤਸ਼ੱਦਦ ਢਾਹਿਆ।ਅਮਰੀਕਾ ਵਿਚ ਗਦਰੀਆਂ ਵੇਲੇ ਗੋਰੇ ਨਸਲ ਵਾਦੀਆਂ ਨੇ ਇਨ੍ਹਾਂ ਨੂੰ Rag headed ਗਰਦਾਨ ਕੇ ਜ਼ਲੀਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ, ਅੰਗਰੇਜ਼ ਨੇ ਤਾਂ ਹਿੰਦੁਸਤਾਨ ਵਿਚ ਚੁੱਕ ਕੇ ਫਾਂਸੀ ਉੱਪਰ ਹੀ ਲਟਕਾ ਦਿੱਤਾ ਸੀ। ਤਸੱਲੀ ਵਾਲੀ ਗੱਲ ਇਹ ਹੈ, ਕਿ ਇਸ ਵੇਰ ਕੌਮੀ ਪੱਧਰ ਉੱਪਰ ਉੱਠੀ ਇਸ ਨਫਰਤੀ ਖੁਨਾਮੀ ਵਿਰੁੱਧ ਹਾਂ-ਪੱਖੀ ਪ੍ਰਤੀਕਰਮ ਵੀ ਕੌਮੀ ਪੱਧਰ ਉੱਪਰ ਮਿਲ ਕੇ ਹੀ ਹੋਇਆ ਹੈ।ਇਸ ਦੀ ਪਹਿਲਕਦਮੀ ਬੇਸ਼ੱਕ ਵੱਖ ਵੱਖ ਸਿੱਖ ਅਮਰੀਕਨ ਜਥੇਬੰਦੀਆਂ ਵੱਲੋਂ ਹੀ ਕੀਤੀ ਗਈ ਹੈ, ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਕੇਵਲ ਸਿੱਖਾਂ ਜਾਂ ਮੁਸਲਮਾਨਾਂ ਲਈ ਹੀ ਨਹੀਂ, ਸਮੁੱਚੀਆਂ ਘੱਟਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਠੋਸ ਕਦਮ ਚੁੱਕੇ ਹਨ ।ਹੇਟਕਰਾਈਮ ਦੇ ਪੀੜਤਾਂ ਦੇ ਹੱਕ ਵਿਚ ਪਰੈਜ਼ੀਡੈਂਟ ਓਬਾਮਾ ਵੱਲੋਂ ਹਮਦਰਦੀ, ਨਸਲਵਾਦੀ ਹਮਲਿਆਂ ਦੀ ਸਖ਼ਤ ਆਲੋਚਨਾ, ਇੰਟਰਫੇਥ ਕਮਿਊਨਿਟੀ ਵੱਲੋਂ ਪ੍ਰਦਰਸ਼ਨੀਆਂ, ਮੁਜ਼ਾਹਰੇ ਅਤੇ ਕੈਂਡਲ ਲਾਈਟ ਜਗਰਾਤੇ ਰੱਖੇ ਗਏ ਹਨ। ਪਿਛਲੇ ਮਹੀਨੇ ਹੀ ਪੀਸ ਫਰੈਜ਼ਨੋਂ ਵੱਲੋਂ ਸਿੱਖ ਕੌਂਸਲ ਦੇ ਸਹਿਯੋਗ ਨਾਲ ‘ਇਸਲਾਮੋਫੋਬੀਆ’ ਵਿਰੁੱਧ ਵਿਚਾਰੂ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ ੭ ਵੱਖਰੇ ਧਰਮਾਂ ਅਤੇ ਭਾਈ ਚਾਰਿਆਂ ਦੇ ਬੁਲਾਰਿਆਂ ਨੇ ਹਿੱਸਾ ਲਿਆ।ਮੀਡੀਆ ਵੀ ਪੈਰ ਘਸੀਟਦਾ ਹੀ ਸਹੀ, Diversity ਬਾਰੇ ਕੁੱਝ ਬੋਲਣ ਲੱਗਾ ਹੈ।ਸਭ ਤੋਂ ਵੱਡੀ ਗਲ; ਸਕੂਲਾਂ ਦੇ ਹਿਸਟਰੀ-ਸੋਸ਼ਲ ਸਾਇੰਸ ਕਰੀਕਲਮ ਫਰੇਮ ਵਰਕ ਵਿਚ ਨਵੀਨਤਾ ਲਈ ਰਾਹ ਪੱਧਰਾ ਹੋਇਆ ਹੈ । ਅਮਰੀਕਾ ਵਿਚ ਘੱਟਗਿਣਤੀਆਂ ਦੇ ਇਤਿਹਾਸ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਲਈ ਪਹਿਲ ਕਦਮੀ ਹੋਈ ਹੈ। ਲੰਮੇ ਸਮੇਂ ਤੋਂ ਕੈਲੇਫੋਰਨੀਆ ਦੇ ਵਿੱਸਰੇ ਹਿਸਟਰੀ-ਸੋਸ਼ਲ ਸਾਇੰਸ ਦਾ ਸਿਲੇਬਸ ੨੦੧੬ ਵਿਚ ਨਵੀਨ ਹੋ ਕੇ ਟੈਕਸਟ ਬੁਕਸ ਵਿਚ ਪਹਿਲੀ ਵੇਰ ਪੰਜਾਬੀਆਂ, ਖ਼ਾਸਕਰ ਸਿੱਖ ਪੰਜਾਬੀਆਂ; ਜਿਨ੍ਹਾਂ ਬਾਰੇ ਜ਼ਰਾ ਜਿਨਾਂ ਜ਼ਿਕਰ ਵੀ ਲਿਖਿਆ ਨਹੀਂ ਸੀ ਮਿਲਦਾ, ਸ਼ਾਮਿਲ ਕਰਨ ਦੀ ਗੱਲ ਦੇਰ ਨਾਲ ਸਹੀ, ਦਰੁਸਤ ਕਦਮ ਹੈ।
੫ ਲੱਖ ਪੰਜਾਬੀਆਂ ਦੀ ਆਬਾਦੀ ਵਾਲੇ ਗਵਾਂਢੀ ਦੇਸ ਕੈਨੇਡਾ ਵਲ ਵੇਖਦਿਆਂ ਤਾਂ ਹੋਰ ਵੀ ਨਵੀਂ ਆਸ ਬੱਝਦੀ ਹੈ। ਚਾਰ ਸਾਲ ਤੋਂ ਕੈਨੇਡਾ ਵਿਚ ਬੋਲੀ ਜਾਣ ਵਾਲੀ ਤੀਸਰੀ ਬੋਲੀ ਬਣਨ ਸਦਕਾ ਹੁਣ ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਸਰਕਾਰੀ ਤੌਰ ਤੇ ਅੰਗਰੇਜ਼ੀ ਅਤੇ ਫਰੈਂਚ ਪਿੱਛੋਂ ਪੰਜਾਬੀ ਦਾ ਤੀਸਰਾ ਸਥਾਨ ਹੈ।ਬ੍ਰਿਟਿਸ਼ ਕੋਲੰਬੀਆ ਦੇ ਸਕੂਲ਼ਾਂ ਵਿਚ ਪੰਜਾਬੀ, ਕੋਰਸ ਵਜੋਂ ਪੜ੍ਹਾਈ ਜਾ ਰਹੀ ਹੈ। ਕੈਨੇਡਾ ਦੀ ਸਰਕਾਰ ਵਿਚ ਡੀਫ਼ੈਂਸ ਮਨਿਸਟਰ ਹਰਜੀਤ ਸਿੰਘ ਸਾਜਨ ਦੇ ਨਾਲ ੩ ਹੋਰ ਪੰਜਾਬੀ ਵਜ਼ੀਰ ਬਣੇ ਹਨ। ਇਹ ਸਭ ਕੈਨੇਡਾ ਦੇ ਬਹੁ-ਸੱਭਿਆਚਾਰੀ ਅਤੇ ਬਹੁ-ਭਾਸ਼ੀ ਹੋਣ ਦੇ ਚੰਗੇ ਭਵਿੱਖ ਵਲ ਸੰਕੇਤ ਹੀ ਆਖੇ ਜਾ ਸਕਦੇ ਹਨ। ਸਮੇਂ ਦੀ ਨਜ਼ਾਕਤ ਵੇਖੋ: ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਦਾ ਸ਼ੇਅਰ: ਜੋ ਅੱਜ ਸਾਹਿਬੇ ਮਸਨਦ ਹੈਂ, ਕਲ੍ਹ ਨਹੀਂ ਹੋਂਗੇ, ਕਿਰਾਏਦਾਰ ਹੈਂ ਜ਼ਾਤੀ ਮਕਾਨ ਥੋੜ੍ਹੀ ਹੈ ! ਜਿਹੜੀ ਪਾਰਲੀਮੈਂਟ ਵਿਚ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਹਨ ਮਕਡੌਨਲਡ ਦਾ white man’s country ਵਾਲਾ ਸੰਕਲਪ ਦੁਹਰਾਉਂਦਿਆਂ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਨੂੰ ਵਾਪਸ ਮੌਤ ਦੇ ਮੂੰਹ ਵਲ ਧੱਕਦਿਆਂ ਓਦੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ Sir Richard McBride ਨੇ ਆਖਿਆ ਸੀ, “ And we always have in mind the necessity of keeping this a white man’s country.” ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਉਸੇ ਪਾਰਲੀਮੈਂਟ ਵਿਚ ਰਸਮੀ ਤੌਰ ਤੇ ਕਾਮਾ ਗਾਟਾ ਮਾਰੂ ਦੇ ਉਨ੍ਹਾਂ ਪੀੜਤ ਮੁਸਾਫ਼ਰਾਂ ਨਾਲ ਹੋਈ ਨਸਲੀ ਬੇਇਨਸਾਫ਼ੀ ਲਈ ਮੁਆਫ਼ੀ ਮੰਗਣਾ, ਛੋਟੀ ਗੱਲ ਨਹੀਂ, ਇਤਿਹਾਸਿਕ ਐਲਾਨ ਹੈ। ਇਸ ਤੋਂ ਪਹਿਲਾਂ ੨੦੧੩ ਅਮਰੀਕਾ ਵਿਚ ਔਰੀਗੌਨ ਸੂਬੇ ਦੇ ਅਸਟੋਰੀਆ ਸ਼ਹਿਰ ਦੀ ਸਿਟੀ ਕੌਂਸਲ ਅਤੇ ਮੇਅਰ ਵੱਲੋਂ ਗ਼ਦਰ ਪਾਰਟੀ ਨੂੰ ਉਸ ਦੀ ੧੦੦ਵੀਂ ਵਰ੍ਹੁ-ਗੰਢ ਤੇ ਸਨਮਾਨਿਤ ਕੀਤਾ ਜਾ ਚੁਕਾ ਹੈ।
ਸੌ ਸਵਾ ਸੌ ਸਾਲ ਪਿੱਛੋਂ ਇਨ੍ਹਾਂ ਰਸਮੀ ਇਸ਼ਨਾਨਾਂ ਦਵਾਰਾ ਪਿਛਲੇ ਸਾਰੇ ਪਾਪ ਤਾਂ ਬੇਸ਼ੱਕ ਨਹੀਂ ਧੁਪਣੇ ਅਤੇ ਨਾ ਹੀ ਗੋਰੀ ਮਨੋਬਿਰਤੀ ਰਾਤੁ-ਰਾਤ ਬਦਲਣ ਵਾਲੀ ਹੈ। ਫਿਰ ਵੀ ਉਨ੍ਹਾਂ ਮੁਸਾਫ਼ਰਾਂ ਕੋਲੋਂ ਭਾਵੇਂ ਉਹ ਹੁਣ ਇਸ ਦੁਨੀਆ ਵਿਚ ਨਹੀਂ ਰਹੇ, ਮੁਆਫ਼ੀ ਮੰਗਣਾ ਉਨ੍ਹਾਂ ਪੁਰਾਣੇ ਜ਼ਖ਼ਮਾਂ ਨੂੰ ਭਰਨ ਲਈ ਚੰਗੀ ਸ਼ੁਰੂਆਤ ਹੈ। ਪਬਲਿਕ ਸਕੂਲਾਂ ਵਿਚ Diversity ਬਾਰੇ ਪੜ੍ਹਾਈ ਨੂੰ ਕੈਨੇਡਾ ਅਤੇ ਹੁਣ ਅਮਰੀਕਾ ਵਿਚ ਨਵੇਂ ਸਭਿਆਚਾਰ ਦੀ ਉਸਾਰੀ ਲਈ ਨੀਂਹ ਪੱਥਰ ਕਰਾਰ ਦੇਣ ਤਕ ਦਾ ਸਫ਼ਰ, ਕੇਵਲ ਪੰਜਾਬੀ ਜਾਂ ਹਿੰਦੁਸਤਾਨੀ ਸਭਿਆਚਾਰ ਲਈ ਹੀ ਨਹੀਂ, ਸਮੁੱਚੇ ਘੱਟਗਿਣਤੀ ਸੱਭਿਆ ਚਾਰਾਂ ਲਈ ਵੱਡੀ ਜਿੱਤ ਹੈ। ਕਥਿਤ ਗਲੋਬਲ ਵਿਲਿਜ ਵਿਚ ਹੁਣ ਇਹ ਜਿੱਤ ਨਵੇਂ ਉੱਸਰ ਰਹੇ ਬਹੁ-ਸੱਭਿਆਚਾਰ ਦੀ ਜਿੱਤ ਹੈ। ਬਹੁ-ਭਾਸ਼ੀ ਹੋਣ ਲਈ ਸੱਦਾ ਹੈ। ਪਰਵਾਸ ਦੇ ਇਸ ਬਦਲਦੇ ਪ੍ਰਸੰਗ ਅੰਦਰ ਚੰਗੀ ਗੱਲ ਹੈ, ਜੋ ਪੰਜਾਬੀ ਸਭਿਆਚਾਰ ਵੀ ਹੁਣ ਇਸੇ ਨਾਲ ਬੱਝ ਰਿਹਾ ਹੈ । ਪੰਜਾਬੀ ਭਾਸ਼ਾ ਅਤੇ ਲਿਪੀ ਵੀ ਹੋਰ ਭਾਸ਼ਾਵਾਂ ਵਾਂਗ ਧਰਮ ਨਾਲ ਨਹੀਂ, ਪੰਜਾਬੀ ਸਭਿਆਚਾਰ ਨਾਲ ਜੁੜੀਆਂ ਹੋਣ ਸਦਕਾ ਇਹਨਾਂ ਦਾ ਭਵਿੱਖ ਵੀ ਇਸੇ ਵਿਚ ਹੀ ਸੁਰੱਖਿਅਤ ਹੈ!
Leave a Reply