ਨਵੰਬਰ ਦਾ ਮਹੀਨਾ ਭਾਰਤ ਵਿਚ ਪਵਿੱਤਰ ਤਿਉਹਾਰਾਂ ਦਾ ਮਹੀਨਾ ਹੈ। ਇਸੇ ਮਹੀਨੇ ਵਿਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਦਕਾ ਪੰਜਾਬੀਆਂ ਲਈ ਨਵੰਬਰ ਮਹੀਨੇ ਦਾ ਹੋਰ ਵੀ ਮਹਤਵ ਹੈ, ਜਦੋਂ ਇਹ ਉਤਸਵ ਸੰਸਾਰ ਪਧਰ ‘ਤੇ ਦੇਸ ਪਰਦੇਸ ਵਿਚ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਨਗਰ ਕੀਰਤਨ ਕਢੇ ਜਾਂਦੇ ਹਨ। ਵਧਾਈਆਂ, ਸ਼ੁਭ ਇਛਿਆਵਾਂ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ।ਕੈਲੇਫ਼ੋਰਨੀਆਂ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਤੇ ਯੋਗਦਾਨ ਦਾ ਮਾਣ ਰਖਦਿਆਂ ਕੈਲੇਫ਼ੋਰਨੀਆਂ ਸਰਕਾਰ ਵਲੋਂ ਵੀ ਪਿਛਲੇ ੮ ਸਾਲ ਤੋਂ ਨਵੰਬਰ ਮਹੀਨਾ ਸਿੱਖ ਚੇਤਨਾ ਮਹੀਨੇ ਵਜੋਂ ਵੇਖਿਆ ਜਾਂਦਾ ਹੈ।ਸਿੱਖ ਜਥੇਬੰਦੀਆਂ ਜਨਤਕ ਅਧਿਕਾਰੀਆਂ, ਵਿਦਿਆਕ ਅਦਾਰਿਆਂ, ਸੁਰੱਖਿਆ ਕਰਮਚਾਰੀਆਂ, ਮਲਟੀਫ਼ੇਥ ਸੋਸਾਇਟੀ ਅਤੇ ਇੰਟਰਫ਼ੇਥ ਅਲਾਇੰਸ ਆਦਿ ਸਥਾਨਿਕ ਭਾਈਚਾਰੇ ਨਾਲ ਮਿਲਕੇ ਸਾਂਝੇ ਚੇਤਨਾ ਸਮਾਗਮ ਆਯੋਜਿਤ ਕਰਦੀਆਂ ਹਨ ।ਇਸ ਵੇਰ ਦੋ ਹੋਰ ਚਮਤਕਾਰ ਨਵੰਬਰ ਮਹੀਨੇ ਵਿਚ ਸ਼ਾਮਿਲ ਹੋ ਗਏ ਹਨ ਅਤੇ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ।ਉਨ੍ਹਾਂ ਵਿਚ ਸਭ ਤੋਂ ਪਹਿਲਾ ਕਰਤਾਰ ਪੁਰ ਲਾਂਘੇ ਦਾ ਖੁਲ੍ਹਣਾ ਚਮਤਕਾਰ ਹੀ ਤਾਂ ਹੈ। ਉਸ ਬਰ੍ਹੇ -ਸਗ਼ੀਰ ਵਿਚ ਜਿਥੇ ਦੋ ਦੇਸ ਵਰ੍ਹਿਆਂ ਤੋਂ ਪ੍ਰਮਾਣੂ ਹਥਿਆਰਾਂ ਦੇ ਬਟਨਾਂ ਉਪਰ ਉਂਗਲਾਂ ਰਖੀ ਰਖਣ ਲਈ
ਬਜ਼ਿਦ ਬੈਠੇ ਸਨ, ਅਚਾਨਕ ਹੱਥ ਫ਼ੜ ਕੇ ਉਸ ਬਾਬੇ ਦੇ ਦਰ ਵਲ ਤੁਰ ਪਏ ਹਨ ਜੋ ਉਨ੍ਹਾਂ ਵਿਚੋਂ ਹੀ ਇਕ ਦਾ ਗੁਰੂ ਅਤੇ ਦੂਜੇ ਦਾ ਪੀਰ ਸੀ।ਕਹਿੰਦੇ ਨੇ ਬਾਬੇ ਦੇ ਘਰ ਦੇਰ ਹੈ, ਅੰਧੇਰ ਨਹੀਂ ।
ਦੂਜਾ ਚਮਤਕਾਰ ਸੱਤ ਸਮੁੰਦਰ ਪਾਰ ਕੈਲੇਫ਼ੋਰਨੀਆਂ ਵਿਚ ਓਦੋਂ ਵਾਪਰਿਆ ਜਦੋਂ ਸਰਕਾਰੀ ਸਕੂਲਾਂ ਦੀਆਂ ਨਵੀਆਂ ਛਪੀਆਂ ਪਾਠ ਪੁਸਤਕਾਂ ਵਿਚ ਪਹਿਲੀ ਵੇਰ ਸਿੱਖੀ ਬਾਰੇ ਜਾਣਕਾਰੀ ਦੀ ਸ਼ਮੂਲੀਅਤ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ। ਇਸ ਦੇ ਫ਼ਲਸਰੂਪ ਸਿੱਖ ਕੌਂਸਲ ਆਫ਼ ਸੈਂਟਰਲ ਕੈਲੇਫ਼ੋਰਨੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਨਾਲ ਮਿਲਕੇ ਕਰੱਦਰਜ਼ ਗੁਰਦਵਾਰਾ ਸਾਹਿਬ ਵਿਖੇ ਐਤਵਾਰ ੨ ਦਸੰਬਰ, ੨੦੧੮ ਨੂੰ ੫੪੯ਵਾਂ ਗੁਰੁੂ ਨਾਨਕ ਪ੍ਰਕਾਸ਼ ਅਤੇੇ ਚੇਤਨਾ ਸਮਾਗਮ ਇੱਕਠੇ ਮਨਾਏ ਗਏ ਸਨ।ਬਾਬੇ ਦਾ ਸ਼ੁਕਰਾਨਾ ਕਰਦਿਆਂ ਰਵਾਇਤਨ ਸਜਾਏ ਗਏ ਕੀਰਤਨ ਅਤੇ ਕਥਾ ਦਰਬਾਰ ਤੋਂ ਉਪ੍ਰੰਤ ਇਹ ਖੁਸ਼ਖਬਰੀ ਸਾਂਝੀ ਕਰਨ ਲਈ ਇਸ ਵੇਰ ਫ਼ਰੈਜ਼ਨੋ ਕਾਉਂਟੀ ਸਕੂਲਾਂ ਦੇ ਇੰਚਾਰਜ ਸੁਪਰਿਨਟੈਂਡੈਂਟ ਮੁੱਖ ਬੁਲਾਰੇ ਵਜੋਂ ਹਾਜ਼ਿਰ ਹੋਏ ਸਨ।ਉਸਦੇ ਵਿਸਥਾਰ ਤੋਂ ਪਹਿਲਾਂ ਇਸ ਬਹੁੁਸੱਭਿਆਚਾਰੀ ਸਮਾਜ ਵਾਲੇ ਬਹੁੁਰੰਗੀ ਗੁਲਦਸਤੇ ਵਿਚ ਸਿੱਖੀ ਦੇ ਪਹਿਲੀ ਵੇਰ ਸ਼ਾਮਿਲ ਹੋਣ ਦੀ ਸੁਲੱਖਣੀ ਘੜੀ ਬਾਰੇ ਕੁਝ ਹੋਰ
ਲਿਖਣ ਤੋਂ ਪਹਿਲਾਂ ਇਸਦੇ ਪਿਛੋਕੜ ਬਾਰੇ ਸੰਖੇਪ ਜਾਣਕਾਰੀ ਦੇਣਾ ਉਚਿੱਤ ਹੋਵੇਗਾ।
ਕਹਿੰਦੇ ਨੇ ਅਤੀਤ ਸਮਾਜ ਦੀਆਂ ਜੜ੍ਹਾਂ ਅਤੇ ਭਵਿਖ ਪੈਣ ਵਾਲੇ ਫ਼ੁੱਲ ਹੁੰਦਾ ਹੈ।ਸੱਤ ਸਮੁੰਦਰ ਪਾਰ ਇਸ ਨਵੇਂ ਦੇਸ ਵਿਚ ਸਾਡੇ ਭਵਿੱਖ ਵਿਚ ਪੈਣ ਵਾਲੇ ਫੁੱਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਹਨ।ਇਸ ਸੰਦਰਬ ਵਿਚ ਇਥੇ ਅਤੀਤ ਅਤੇ ਭਵਿੱਖ ਦੋਹਾਂ ਦੀ ਸਲਾਮਤੀ ਲਈ ਪ੍ਰੋ:ਮੋਹਨ ਸਿੰਘ ਹੁਰਾਂ ਦੀ ਕਵਿਤਾ ਮਾਂ ਦੇ ਅਰਥ ਸਮਝਣੇ ਜ਼ਰੂਰੀ ਹਨ।ਉਸ ਛੋਟੀ ਜਿਹੀ ਨਜ਼ਮ ਦੀਆਂ ਆਖਰੀ ਦੋ ਪੰਕਤੀਆਂ ਹਨ:
ਬਾਕੀ ਕੁਲ ਦੁਨੀਆਂ ਦੇ ਬੂਟੇ, ਜੜ੍ਹ ਸੁ’ਕਿਆਂ ਮੁਰਝਾਉਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏਨੂੰ
ਦੂਜੇ ਸ਼ਬਦਾਂ ਵਿਚ ਇਸ ਨਵੇਂ ਦੇਸ ਵਿਚ ਸਾਡੀ ਜੜ੍ਹ ਅਤੇ ਫ਼ੁੱਲ ਦੋਹਾਂ ਦੀ ਸਲਾਮਤੀ ਆਪਸੀ ਸੱਭਿਆਚਾਰਿਕ ਰਸ – ਰਸਾਈ ਤੇ ਨਿਰਭਰ ਹੈ।ਖੁਸ਼ੀ ਦੀ ਗਲ ਇਹ ਹੈ ਕਿ ਉਤਰੀ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਦੇ ਮੋਕਲੇ ਸੱਭਿਆਚਾਰ ਵਿਚ ਇਹ ਸੰਭਵ ਹੈ ਪਰ ਸੌਖਾ ਨਹੀਂ। ਸੰਭਵ ਇਸ ਲਈ ਕਿ ਇਹਨਾਂ ਵਿਚਕਾਰ ਕੋਈ ਸਿਧਾਂਤਕ ਵਿਰੋਧ ਨਹੀਂ ਹੈ। ਭਾਵ ਅਮਰੀਕਨ ਨਵੀਂ ਕੌਮ ਦਾ ਲਾਈਫ਼, ਲਿਬਰਟੀ, ਪਰਸੂਟ ਆਫ਼ ਹੈਪੀਨੈਸ, ਜਸਟਿਸ ਫੌਰ ਆਲ ਅਤੇ ਆਲ ਮੈੱਨ ਆਰ ਕਰੀਏਟਿਡ ਈਕੁਅਲ ਅੰਡਰ ਗੌਡ, ਵਾਲਾ ਜੋ ਸੰਕਲਪ ਹੈ; ਚੜ੍ਹਦੀ ਕਲਾ, ਸਰਬੱਤ ਦਾ ਭਲਾ ਮੰਗਦੀ ਸਾਡੀ ਪੰਜਾਬੀਆਂ ਦੀ ਆਧਾਰਸ਼ਿਲਾ ਵੀ ਉਹੀ ਹੈ।ਹੱਕ ਦੀ ਕਮਾਈ ‘ਚੋਂ ਦਸਵੰਧ ਕਢਣ ਅਤੇ ਸਮਾਜ ਲਈ ਸੇਵਾ ਭਾਵ ਰਖਣ ਵਾਲੇੇ ਸਾਡੇ ਸਦਾਚਾਰਿਕ ਅਸੂਲ ਤਾਂ ਸਗੋਂ ਇਸ ਨੂੰ ਹੋਰ ਅਮੀਰ ਬਣਾਉਂਦੇ ਹਨ, ਜੋ ਕੇਵਲ ਪੰਜਾਬੀ ਅਮਰੀਕਨਾਂ ਲਈ ਹੀ ਨਹੀਂ ਸਮੁੱਚੇ ਅਮਰੀਕੀ ਸਮਾਜ ਵਾਸਤੇ ਸਹਾਈ ਹਨ।ਪਰ ਇਸ ਸ਼ਕਤੀਸ਼ਾਲੀ ਸੱਭਿਆਚਾਰ ਅੰਦਰ ਵਿਚਰਦਿਆਂ ਆਪਣੀ ਬੋਲੀ, ਵਿਰਸੇ ਅਤੇ ਇਤਿਹਾਸ ਨਾਲ ਜੁੜੇ ਰਹਿਣਾ ਸੌਖਾ ਨਹੀਂ ਹੈ।ਤੇ ਉਸ ਤੋਂ ਵੀ ਜ਼ਰੂਰੀ ਹੈ ਆਪਣੇ ਸੱਭਿਆਚਾਰ ਦੀ ਖੁਸ਼ਬੋ ਵਿਧੀਵਤ ਢੰਗ ਨਾਲ ਦੂਜਿਆਂ ਨਾਲ ਸਾਂਝਾ ਕਰਨ ਦੀ ਵਿਦਾਅ।ਇਕ ਦੂਜੇ ਪ੍ਰਤੀ ਗਲਤਫਹਿਮੀਆਂ, ਨਫ਼ਰਤ, ਭੇਦ ਭਾਵ ਅਤੇ ਵੈਰ ਵਿਰੋਧ ਅਗਿਆਨਤਾ ਅਤੇ ਬੇਇਲਮੀ ਵਿਚੋਂ ਹੀ ਜਨਮ ਲੈਂਦੇ ਹਨ।ਇਸ ਵਿਚ ਮਾਂ ਪਿਉ ਦੀ ਸੇਧ ਅਤੇ ਧਾਰਮਿਕ ਅਦਾਰਿਆਂ ਵਲੋਂ ਯੋਗ ਅਗਵਾਈ ਦਾ ਅਹਿਮ ਰੋਲ ਹੈ, ਜੋ ਭਾਈਚਾਰਿਆਂ ਦਾ ਮੁਢਲਾ ਫ਼ਰਜ਼ ਹੈ।ਪਰੰਤੂ ਇਨਾਂ ਹੀ ਕਾਫੀ ਨਹੀਂ ਹੈ।ਇਸ ਬਹੁੁਸੱਭਿਆਚਾਰੀ ਪੜ੍ਹੇ ਲਿਖੇ ਸਮਾਜ ਵਿਚ ਵਿਧੀਵਤ ਢੰਗ ਨਾਲ ਸਿੱਖਿਆ ਪਰਨਾਲੀ ਰਾਹੀਂ ਹੀ ਇਸ ਵਿਰਸੇ ਦੇ ਮੀਰੀ ਗੁਣਾਂ ਨੂੰ ਮੁੱਖ ਧਾਰਾ ਨਾਲ ਸਾਂਝਾ ਅਤੇ ਆਉਣ ਵਾਲੀਆਂ ਨਸਲਾਂ ਲਈ ਸਾਰਥਕ ਤੇ ਯਕੀਨੀ ਬਣਾਇਆ ਜਾ ਸਕਦਾ ਹੈ।ਇਹ ਕਾਰਜ ਸਰਕਾਰੀ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਪੜ੍ਹਾਏ ਜਾਣ ਅਤੇ ਕੌਮੀ ਇਤਿਹਾਸ ਵਿਚ ਯੋਗ ਥਾਂ ਹਾਸਿਲ ਹੋਣ ਨਾਲ ਹੀ ਸੰਭਵ ਹੋ ਸਕਦਾ ਹੈ।
ਗੱਲ ਨੂੰ ਸਪੱਸ਼ਟ ਕਰਨ ਲਈ ਇਤਿਹਾਸ ਵਿਚੋਂ ਹੀ ਇਕ ਮਿਸਾਲ ਲਈ ਜਾ ਸਕਦੀ ਹੈ:
੧੫ਵੀਂ-੧੬ਵੀਂ ਸਦੀ ਪ੍ਰੋਫ਼ੈਸਰ ਮਾਰਟਿਨ ਲੂਥਰ ਨੇ ਜਰਮਨੀ ਵਿਚ ਰੋਮਨ ਕੈਥੋਲਿਕ ਧਰਮ ਵਿਚ ਆਏ ਨਿਘਾਰ ਦਾ ਵਿਰੋਧ ਕੀਤਾ। ਉਨ੍ਹੇ ਪੋਪ ਵਲੋਂ ਰਾਜਸੀ ਤਾਕਤਾਂ ਦੀ ਮਿਲੀੁ ਭੁਗਤ ਧਰਮ ਦੇ ਨਾਂ ਤੇ ਲੋਕਾਂ ਨਾਲ ਖਿਲਵਾੜ ਅਤੇ ਵੱਡੀ ਪਧਰ ਤੇ ਕੀਤੀ ਜਾ ਰਹੀ ਲੁੱਟ ਘਸੁੱਟ ਦਾ ਪਰਦਾੁਫ਼ਾਸ਼ ਕੀਤਾ। ਰੈਫ਼ਰਮੇਸ਼ਨ (ਸੁਧਾਰ) ਨਾਂ ਦੀ
ਲਹਿਰ ਚਲਾਈ ਤੇ ਪਰੋਟੈਸਟੈਂਟ ਚਰਚ ਦਾ ਮੁੱਢ ਬੰਨ੍ਹਿਆਂ। ਵਿਸ਼ਵ ਦੇ ਇਤਿਹਾਸ ਵਿਚ ਇਸ ਲਹਿਰ ਨੂੰ ਵਿਸ਼ੇਸ਼ ਮੁਕਾਮ ਦਿੱਤਾ ਗਿਆ, ਜੋ ਮਗਰੋਂ ਸਕੂਲ਼ਾਂ, ਕਾਲਜਾਂ ਦੀਆਂ ਪਾਠ ਪੁਸਤਕਾਂ ਵਿਚ ਵੀ ਪੜ੍ਹਾਇਆ ਜਾਣ ਲਗਾ। ਚੇਅਰਜ਼ ਸਥਾਪਤ ਹੋਈਆਂ। ਸਿੱਟੇ ਵਜੋਂ ਮਾਰਟਿਨ ਲੂਥਰ, ਉਹਦੀਆਂ ਪ੍ਰਾਪਤੀਆਂ ਅਤੇ ਪ੍ਰੋਟੈਸਟੈਂਟ ਈਸਾਈ ਧਰਮ ਅਜ ਪੱਕਿਆਂ ਪੈਰਾਂ ਤੇ ਹੈ ਅਤੇ ਵਿਸ਼ਵ ਪੱਧਰ ‘ਤੇ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ।
ਦੂਜੇ ਪਾਸੇ ਦੱਖਣੁਪੂਰਬੀ ਏਸ਼ੀਆ ਵਿਚ ਮਾਰਟਿਨ ਲੂਥਰ ਦੇ ਪੈਦਾ ਹੋਣ ਤੋਂ ਵੀ ੧੪ – ੧੫ ਸਾਲ ਪਹਿਲਾਂ ੧੪੬੯ ਪੰਜਾਬ ਵਿਚ ਜਨਮੇ ਗੁਰੂ ਨਾਨਕ ਨੇ ਇਕ ਨਹੀਂ, ਦੋ ਸਥਾਪਤ ਧਰਮਾਂ ਵਿਚਲੀਆਂ ਕਮਜ਼ੋਰੀਆਂ, ਵਧੀਕੀਆਂ, ਧਾਂਦਲੀਆਂ, ਅੰਧਵਿਸ਼ਵਾਸ਼,
ਜ਼ਾਤੁਪਾਤ ਅਤੇ ਆਪਸੀ ਟਕਰਾਓ ਕਾਰਣ ਆਏ ਨਿਘਾਰ ਨੂੰ ਚੁਣੌਤੀ ਦਿਤੀ । ਮਾਰਟਨ ਲੂਥਰ ਤਾਂ ਉਦੋਂ ਅਜੇ ਟੀਨਏਜਰ ਹੀ ਸੀ ਜਦੋਂ ਗੁਰੂੁ ਨਾਨਕ ਨੇ ਸੁਲਤਾਨਪੁਰ ਲੋਧੀ ਤੋਂ ਉਸ ਨਿਘਰ ਗਈ ਦੁਨੀਆਂ ਨੂੰ ਸੋਧਣ ਲਈ ਪਹਿਲੀ ਉਦਾਸੀ ਵੀ ਆਰੰਭ ਦਿਤੀ ਸੀ।ਮਾਰਟਿਨ ਲੂਥਰ ਦੀ ਰੀਫ਼ੌਰਮੇਸ਼ਨ ‘ਸੁਧਾਰ ਲਹਿਰ’ ਯੂਰਪ ਵਿਚ ਰਿਨੇਸੈਂਸ ਅਰਥਾਤ ‘ਪੁਨਰਜਾਤ’ ਦੇ ਤੁਰੰਤ ਬਾਅਦ ਉਦੋਂ ਆਈ ਸੀ, ਜਦੋਂ ਮਧਕਾਲ ਵਿਚੋਂ ਨਿਕਲਕੇ ਯੂਰਪ ਉਂਜ ਵੀ ਜਾਗ ਚੁਕਾ ਸੀ। ਪ੍ਰੰਤੂ ਭਾਰਤ ਤਾਂ ਉਸ ਵੇਲੇ ਡੂੰਘੇ ਸੰਕਟ ਵਿਚੋਂ ਲੰਘ ਰਿਹਾ ਸੀ।ਉਸ ਸਮੇਂ ਦੀ ਹਰ ਪੱਖੋਂ ਅੱਤਿ ਨਿਘਰੀ ਤਸਵੀਰ ਅਤੇ ਆ ਰਹੀ ਜਾਗ੍ਰਿਤੀ ਦੇ ਮਸੀਹਾ ਗੁਰੂੁ ਨਾਨਕ ਬਾਰੇ ਸਭ ਤੋਂ ਉਤਮ ਵਿਚਾਰ ਕਿਸੇ ਹੋਰ ਵਲੋਂ ਨਹੀਂ, ਇਕ ਸੰਸਾਰ ਪ੍ਰਸਿਧ ਸ਼ਾਇਰ, ਫ਼ਿਲਾਸਫ਼ਰ ਤੇ ਪੰਜ ਨਮਾਜ਼ਾਂ ਪੜ੍ਹਨ ਵਾਲੇ ਮੁਸਲਮਾਨ, ਇਲਾਮਾ ਇਕਬਾਲ ਵਲੋਂ ‘ਬਾਂਗੇ ਦਰਾ’ ਕਿਤਾਬ ਵਿਚ ‘ਨਾਨਕ’ ਨਜ਼ਮ ਹੇਠ ਅੰਕਿਤ ਹਨ।
ਭਾਰਤੀ ਕੌਮ ਨੂੰ ਜਦੋਂ ਮਹਾਤਮਾ ਬੁਧ ਦੇ ਪੈਗਾਮਾਂ ਦੀ ਸਮਝ ਨਾ ਆਈ ਤੇ ਉਹ ਬੰਜਰ ਜ਼ਮੀਨ ਤੇ ਹੋਈ ਬਾਰਿਸ਼ ਵਾਂਗ ਵਰ੍ਹ ਕੇ ਨਿਕਲ ਗਏ, ਤਾਂ ਇਕਬਾਲ ਲਿਖਦੇ ਹਨ:
ਆਸ਼ਕਾਰ ਉਸ ਨੇ ਕੀਆ, ਜੋ ਜ਼ਿੰਦਗੀ ਕਾ ਰਾਜ਼ ਥਾ
ਹਿੰਦ ਕੋ ਲੇਕਿਨ ਖਿਆਲੀ, ਫ਼ਲਸਫ਼ੇ ਪਰ ਨਾਜ਼ ਥਾ
ਸ਼ੱਮੇ ਹੱਕ ਸੇ ਜੋ ਮਨੱਵਰ ਹੋ, ਯਿਹ ਵੋਹ ਮਹਿਫ਼ਲ ਨਾ ਥੀ
ਬਾਰਿਸ਼ੇ ਰਹਿਮਤ ਹੂਈ, ਲੇਕਿਮ ਜ਼ਮੀਂ ਕਾਬਿਲ ਨਾ ਥੀ
ਆਹ! ਸ਼ੂਦਰ ਕੇ ਲੀਏ ਹਿੰਦੁਸਤਾਂ ਗ਼ਮਖਾਨਾ ਹੈ
ਦਰਦੇ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ
ਬਰਾਹਮਨ ਸਰਸ਼ਾਰ ਹੈ, ਅਬ ਤੱਕ ਮੈਅ ਪੰਦਾਰ ਮੇਂ
ਸ਼ਮ੍ਹਾਂ ਗ਼ੌਤਮ ਜਲ ਰਹੀ ਹੈ ਮਹਿਫ਼ਲੇ ਅਗ਼ਿਆਰ ਮੇਂ
ਬੁੱਤਕਦਾ ਫ਼ਿਰ ਬਾਅਦ ਮੁੱਦਤ ਕੇ, ਮਗਰ ਰੌਸ਼ਨ ਹੂਆ
ਨੂਰੇ ਇਬਰਾਹੀਮ ਸੇ, ਆਜ਼ਰ ਕਾ ਘਰ ਰੌਸ਼ਨ ਹੂਆ
ਫ਼ਿਰ ਉਠੀ ਆਖਿਰ ਸਦਾ, ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦ-ਏ -ਕਾਮਿਲ ਨੇ ਜਗਾਇਆ ਖਾਬ ਸੇ।
ਉਸੇ ਜਾਗ੍ਰਿਤੀ ਵਿਚੋਂ ਹੀ ਸਿੱਖ ਧਰਮ ਦਾ ਜਨਮ ਹੋਇਆ ਜੋ ਵੇਖਦੇ ਵੇਖਦੇ ਅਜ ਵਿਸ਼ਵ ਦਾ ਪੰਜਵਾਂ ਵਡਾ ਧਰਮ ਹੈ। ਜਿਸਦੇ ੧੨ ਮਿਲੀਅਨ ਨਾਨਕ ਨਾਮ ਲੇਵਾ ਵਿਸ਼ਵ ਵਿਚ ਫ਼ੈਲੇ ਹੋਏ ਹਨ। ਪ੍ਰੰਤੂ ਬਾਬਾ ਨਾਨਕ ਤੇ ਉਨ੍ਹਾਂ ਦੀ ਸਿੱਖੀ ਵਿਸ਼ਵ ਪੱਧਰ ਤੇ ਮੁਕਾਬਿਲਤਨ ਅਣਜਾਣੇ ਅਤੇ ਅਣਗੌਲੇ ਹੀ ਰਹੇ ਹਨ।ਜਿਥੇ ਮਾਰਟਿਨ ਲੂਥਰ ਨੂੰ ਤੇ ਉਹਦੇ ਵਲੋਂ ਚਲਾਏ ਪੰਥ ਨੂੰ ਤਾਂ ਬੱਚਾ ਬੱਚਾ ਜਾਣਦਾ ਹੈ, ਜੋ ਹੋਣਾ ਚਾਹੀਦਾ ਹੈ। ਪਰ ਬਾਬੇ ਨਾਨਕ ਦੀ ਸਿੱਖੀ ਅਤੇ ਸਿੱਖਿਆ ਨੂੰ ਸੰਸਾਰ ਵਿਚ ਤਾਂ ਕੀ ਅਮਰੀਕਾ ਵਿਚ ੧੦੦ ਸਾਲ ਤੋਂ ਵੀ ਵਧ ਸਮਾਂ ਰਹਿਣ ਦੇ ਬਾਵਜੂਦ ਸਾਥੀ ਅਮਰੀਕਨਾਂ ਨੂੰ ਇਸ ਬਾਰੇ ਜਾਣਕਾਰੀ ਨਾਂਹ ਦੇ ਬਰਾਬਰ ਹੈ।
ਵਿਡੰਬਣਾ ਤਾਂ ਇਹ ਵੀ ਹੈ ਕਿ ਸਿੱਖ ਆਪ ਹੀ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਪੂਰੀ ਤਰਾਂ ਵਾਕਿਫ਼ ਨਹੀਂ ਹਨ ।ਇਸ ਤੋਂ ਵਡੀ ਤਰਾਸਦੀ ਭਲਾ ਹੋਰ ਕੀ ਹੋ ਸਕਦੀ ਹੈ ਕਿ ਪੰਜਾਬ ਵਿਚ ਪੰਜਾਬੀਆਂ ਨੂੁੰ ਹੀ ਆਪਣੇ ਸ੍ਰਬ ਸਾਂਝੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਅਤੇ ਇਤਿਹਾਸ ਦਾ ਇਲਮ ਨਾ ਹੋਵੇ। ਕਿਸੇ ਘੋਰ ਅਗਿਆਨਤਾ ਅਤੇ ਬੇਇਲਮੀ ਵੱਸ ਸਾਡਾ ਆਪਣਾ ਹੀ ਇਕ ਵਰਗ ਇਹਦੀ ਬੇਅਦਬੀ ਕਰੇ ਤੇ ਕਿਸੇ ਹੋਰ ਸਵਾਰਥ ਹਿੱਤ ਸਾਡੇ ਆਪਣੇ ਧਾਰਮਿਕ ਤੇ ਰਾਜਨੀਤਿਕ ਆਗੂ ਹੀ ਉਹਦੀ ਅਣਦੇਖੀ ਕਰਦਿਆਂ ਉਸ ਉਪਰ ਰਾਜਨੀਤੀ ਕਰਨ।
ਪੰਜਾਬ ਦੇ ਸਕੂਲਾਂ ਵਿਚ ਪੜ੍ਹਾਏ ਜਾਣ ਵਾਲੇ ਇਤਿਹਾਸ ਵਲ ਨਜ਼ਰ ਮਾਰੀਏ ਤਾਂ ਸਰਕਾਰੀ ਸਕੂਲਾਂ ਵਿਚ ਅਜ ਵੀ ਠੀਕ ਪਾਠ ਪੁਸਤਕਾਂ ਉਪਲਭਦ ਨਾ ਹੋਣ ਦੇ ਚਰਚੇ ਹਨ।ਆਜ਼ਾਦੀ ਦੇ ੭੦ ਸਾਲਾਂ ਬਾਅਦ ਤੇ ਪੰਜਾਬ ਵਿਚ ਪੰਥਕ ਸਰਕਾਰਾਂ ਦੇ ਰਾਜਕਾਲ ਦੇ ਬਾਵਜੂਦ, ਇਸ ਸਾਲ ੨੦੧੮ ਵਿਚ ਇਤਿਹਾਸ ਦੀ ਨਵੀਂ ਛਪੀ ਕਿਤਾਬ ਵਿਵਾਦ ਦਾ ਵਿਸ਼ਾ ਹੋਣ ਕਰਕੇ ਵਾਪਿਸ ਲੈਣੀ ਪਈ ਸੀ।
ਦੇਰੀ ਨਾਲ ਆਈ ਸੋਝੀ ਸਮਝੋ ਜਾਂ ਰਾਜਨੀਤਕ ਮਜਬੂਰੀਆਂ, ਕਮਾਲ ਦੀ ਗੱਲ ਇਹ ਹੈ ਕਿ ਅਗਲੇ ਸਾਲ ਆਉਣ ਵਾਲੇ ੫੫੦ਵੇਂ ਪ੍ਰਕਾਸ਼ ਦਿਵਸ ਦੀ ਤਿਆਰੀ ਵਿਚ ਹੁਣ ਸਿੱਖ ਜਥੇਬੰਦੀਆਂ ਦੇ ਨਾਲ ਦੇਸ ਦੀਆਂ ਸਰਕਾਰਾਂ ਵੀ ਇਸ ਪ੍ਰਤੀ ਗੰਭੀਰਤਾ ਦਿਖਾ ਰਹੀਆਂ ਹਨ।ਹੋਰ ਰਚਨਾਤਮਿਕ ਉਪਰਾਲਿਆਂ ਤੋਂ ਇਲਾਵਾ ਚਰਚਿਤ ਕਰਤਾਰਪੁਰ ਦੇ ਲਾਂਘੇ ਦੀ ਪਹਿਲ ਪਾਕਿਸਤਾਨ ਵਲੋਂ ਕੀਤੇ ਜਾਣ ‘ਤੇ ਭਾਰਤ ਦੀ ਸਰਕਾਰ ਵੀ ਹੁਣ ਅਗੇ ਵਧਣ ਲਗੀ ਹੈ।ਇਹ ੩ ਮੀਲ ਦੀ ਪੁਲਾਂਗ ਦੋ ਦੇਸ਼ਾਂ ਵਿਚਕਾਰ ਛੋਟਾ ਜਿਹਾ ਲਾਂਘਾ ਸਹੀ, ਪਰ ਇਹ ਸੰਸਾਰ ਪਧਰ’ਤੇ ਅਮਨ ਸ਼ਾਤੀ ਲਈ ਸ਼ਾਹ ਰਾਹ ਸਾਬਿਤ ਹੋ ਸਕਦਾ ਹੈ।
ਦਰ੍ਹਾ ਖੈਬਰ ਜੋ ਅਤੀਤ ਵਿਚ ਕਤਲੁੋ ਗ਼ਾਰਤ ਅਤੇ ਬਰਬਾਦੀ ਦਾ ਪ੍ਰਤੀਕ ਰਿਹਾ ਹੈ, ਅਮਨ ਅਤੇ ਖੁਸ਼ਹਾਲੀ ਲਈ ਸ਼ਾਹ ਰਾਹ ਬਣ ਸਕਦਾ ਹੈ।।ਏਕ ਪਿਤਾ ਏਕਸ ਕੇ ਹਮ ਬਾਰਿਕ; ਕ੍ਰਿਤ ਕਰੋ, ਵੰਡ ਛਕੋ ਤੇ ਨਾਮ ਜਪੋ ਵਾਲੀ ਪਾਠਸ਼ਾਲਾ ਕਰਤਾਰਪੁਰ ਸਾਹਿਬ ਵਿਚੋਂ ਲੰਘਣ ਵਾਲਾ ਇਹ ਲਾਂਘਾ ਉਸ ਪੀੜਤ ਬਰ੍ਹੁੇ ਸਗ਼ੀਰ ਵਿਚ ਭਰਾਤਰੀ ਭਾਵ ਤੇ ਵਿਸ਼ਵ ਅਮਨ ਦਾ ਪ੍ਰਤੀਕ ਸਾਬਤ ਹੋ ਸਕਦਾ ਹੈ।ਦੋਹਾਂ ਸਰਕਾਰਾਂ ਅਤੇ ਉਨ੍ਹਾਂ ਦੇ ਖਿਡਾਰੀਆਂ, ਕਰਮਚਾਰੀਆਂ ਸਭਨਾਂ ਵਲੋਂ ਇਹ ਸ਼ਲਾਘਾਯੋਗ ਕਦਮ ਹਨ ਬਾਬਾ ਨਾਨਕ ਸ਼ਾਹ ਫ਼ਕੀਰ: ਹਿੰਦੂ ਦਾ ਗੁਰੂ; ਮੁਸਲਮਾਨ ਦਾ ਪੀਰ ਦੇ ਕਰੋੜਾਂ ਨਾਨਕ ਨਾਮ ਲੇਵਾ ਨੂੰ ਤਾਂ ਇਸ ਬਾਰੇ ਕੋਈ ਸ਼ੰਕਾ ਨਹੀਂ ਹੈ। ਸਵਾਲ ਇਹ ਹੈ: ਕੀ ਸਰਕਾਰਾਂ ਵੀ ਇਸ ਲਾਂਘੇ ਤੋਂ ਅਗੇ ਲੰਘਣਗੀਆਂ? ਵਰਤਮਾਨ ਵਿਚ ਦੋਹਾਂ ਰੁੱਸੇ ਭਰਾਵਾਂ ਵਿਚਕਾਰ ਵਾਪਰ ਗਏੇ ਇਸ ਕੌਤਕ ਨੂੰ ਸਮਝਣਗੀਆਂ? ਬਾਹਿਰਲੇ ਮੁਲਕਾਂ ਤੋਂ ਸਬਕ ਸਿੱਖਦਿਆਂ ਇਸ ਲਾਂਘੇ ਦੇ ਆਰ ਪਾਰ ਆਨੰਤ ਸੰਭਾਵਨਾਵਾਂ ਦੇਖਣ ਦੇ ਸਮ੍ਰੱਥ ਹੋ ਸਕਣਗੀਆਂ? ਸਮਾਂ ਦੱਸੇਗਾ।
ਉਂਜ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾਂ ਸਵਰਾਜ ਨੇ ਅਗਲੇ ੫੫੦ਵੇਂ ਪ੍ਰਕਾਸ਼ ਉਤਸਵ ‘ਤੇ ਗੁਰੂ ਸਾਹਿਬਾਨ ਦਾ ਸੁਨੇਹਾ, ਗੋਸ਼ਟੀਆਂ ਤੇ ਸੈਮੀਨਾਰਾਂ ਰਾਹੀਂ ਵਿਸ਼ਵ ਦੇ ਹਰ ਕੋਨੇ ਵਿਚ ਪਹੁੰਚਾਏ ਜਾਣ ਨੂੰ ਭਾਰਤੀ ਸਰਕਾਰ ਤੇ ਸਿੱਖਾਂ ਦਾ ਇਖਲਾਕੀ ਫ਼ਰਜ਼ ਆਖਿਆ ਹੈ।ਚੰਗਾ ਹੋਵੇ ਜੇ ਇਹ ਫ਼ਰਜ਼ ਬਾਬੇ ਦੇ ਉਸ ਲਾਂਘੇ ਤੋਂ ਹੀ ਸ਼ੁਰੂ ਕੀਤਾ ਜਾਏ ਜੋ ਜੁੜਵੇਂ ਪਰ ਨਾਰਾਜ਼ ਭਰਾ, ਪਾਕਿਸਤਾਨ ਵਲੋਂ ਆਪਣੇ ਵਿਹੜੇ ਵਿਚਦੀ ਖੁਸ਼ੀ ਖੁਸ਼ੀ ਦਿਤਾ ਜਾ ਰਿਹਾ ਹੈ।ਵਿਸ਼ਵ ਦੇ ਭਵਿੱਖ ਨਾਲ ਜੋੜਦਿਆਂ ਸੁਸ਼ਮਾ ਸਵਰਾਜ ਦੇ ਸ਼ਬਦ ਹਨ: ਅਜ ਜਦੋਂ ਵਿਸ਼ਵ ਪਧਰ ਤੇ ‘ਮੇਰੀ ਮੇਰੀ’ ਦੀ ਗੱਲ ਹੋ ਰਹੀ ਹੈ। ਪਰੋਟੈਕਸ਼ਨਿਜ਼ਮ ਨੂੰ ਪਾਲਿਸੀ ਵਜੋਂ ਅਪਨਾਇਆ ਜਾ ਰਿਹਾ ਹੈ। ਧਰਮ ਦੇ ਨਾਂ ‘ਤੇ ਰਾਜਨੀਤੀ ਅਤੇ ਕਤਲੁੋਗਾਰਿਤ ਦਾ ਬੋਲੁਬਾਲਾ ਹੈ, ਤਾਂ ਗੁਰੂ ਸਾਹਿਬਾਨਾਂ ਦੀ ਸਿੱਖਿਆ ਵਿਸ਼ਵ ਲਈ ਯਕੀਨਨ ਰਾਹ ਦਸੇਰਾ ਬਣ ਸਕਦੀ ਹੈ। ਕੁਝ ਹੋਰ ਸੰਸਾਰ ਪ੍ਰਸਿਧ, ਗ਼ੈਰ ਸਿੱਖ ਵਿਦਵਾਨ; ਜਿਵੇਂ ਮੈਕਾਲਿਫ਼, ਨੋਬਲ ਲਾਰੀਅਟ ਮਿਸ ਪਰਲ ਬੱਕ, ਆਰਨਲਡ ਟੌਇਨਬੀ, ਦਲਾਈ ਲਾਮਾ ਸਮੇਤ, ਜਿਨ੍ਹਾਂ ਨੇ ਬਾਬੇ ਨਾਨਕ ਦੀ ਸਿੱਖੀ ਦੇ ਮੀਰੀ ਗੁਣਾਂ ਨੂੰ ਘੋਖਿਆ, ਵਾਚਿਆ ਹੈ, ਉਹਨਾਂ ਨੇ ਇਸ ਨੂੰ, ਵਿਸ਼ਵ ਦੇ ਧਰਮ ਦੀ ਸੰਭਾਵਨਾ ਵਜੋਂ ਵੇਖਿਆ ਹੈ।ਪਰ ਇਹ ਕਾਰਜ ਇਕ ਭਾਸ਼ਨ, ਦਿਹਾੜੇ, ਮਹੀਨੇ ਜਾਂ ਇਕ ਸਾਲ ਦੇ ਮਨੌਣ ਵਾਲਾ ਕਾਰਜ ਨਹੀਂ ਹੈ।ਇਸਦੇ ਪ੍ਰਸਪਰ ਪਰਚਾਰ ਅਤੇ ਪ੍ਰਸਾਰ ਲਈ ਵਿਸ਼ਵ ਦੇ ਇਤਿਹਾਸ ਵਿਚ ਇਸ ਲਈ ਬਣਦੀ ਯੋਗ ਥਾਂ ਵੀ ਬਨੌਣੀ ਪਵੇਗੀ। ਇਸ ਦੇ ਬਾਰੇ ਵਿਚ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਪੜ੍ਹਾਇਆ ਜਾਣਾ ਸ਼ਾਮਿਲ ਕਰਨਾ ਸਮੇਂ ਦੀ ਮੁੱਖ ਲੋੜ ਹੈ।ਸਿੱਖ ਜਥੇਬੰਦੀਆਂ ਨੂੰ ਦੇਸ ਦੀਆਂ ਸਰਕਾਰਾਂ ਨਾਲ ਮਿਲਕੇ ਇਧਰ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਅਮਰੀਕਾ ਵਲ ਮੁੜਦਿਆਂ ਯੂਨਿਟੀ ਇਨ ਡਾਇਵਰਸਟੀ ‘ਅਨੇਕਤਾ ਵਿਚ ਏਕਤਾ’ ਵਾਲੇ ਬਹੁੁਸੱਭਿਆਚਾਰੀ ਅਤੇ ਬਹੁੁਰੰਗੀ ਦੇਸ ਦੇ ਸੰਕਲਪ ਦੀ ਖੂਬਸੂਰਤੀ ਉਸ ਬਾਗ਼ ਦੀ ਨਿਆਈਂ ਹੈ ਜਿਸ ਵਿਚ ਸਿਰਫ ਇਕ ਰੰਗ ਦੇ ਫੁੱਲ ਨਹੀਂ, ਰੰਗੁ ਬਰੰਗੇ ਫੁੱਲਾਂ ਵਾਲੇ ਸੱਭਿਆਚਾਰ ਹਨ । ਘੱਟ ਗਿਣਤੀਆਂ ਦੇ ਇਤਿਹਾਸ ਦੀ ਜਾਣਕਾਰੀ ਅਤੇ ਉਹਦਾ ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਪੜ੍ਹਾਇਆ ਜਾਣਾ ਇਸ ਦੇਸ ਦੇ ਵਿਧਾਨ ਦੀ ਸ਼ਰਤ ਹੈ। ਚੰਗੇ ਨਾਗ੍ਰਿਕ ਬਣਨ ਲਈ ਇਸ ਬਾਰੇ ਲੋੜੀਂਦੀ ਜਾਣਕਾਰੀ ਉਪਲਭਦ ਕਰਵਾਉਣਾ ਸਰਕਾਰ ਦੀ ਜ਼ਿਮੇਵਾਰੀ ਹੈ, ਬੱਚਿਆਂ ਦੀ ਸਕੂਲੀ ਲੋੜ ਵੀ ਹੈ ਤੇ ਹੱਕ ਵੀ।ਪਰ ਸਾਰੇ ਹੱਕ ਜਿਤਾਉਣ ਨਾਲ ਹੀ ਮਿਲਦੇ ਹਨ।ਉਹਨਾਂ ਨੂੰ ਹਾਸਿਲ ਕਰਨ ਲਈ ਜਦੁੋ ਜਹਿਦ ਕਰਦੇ ਰਹਿਣ ਦੀ ਲੋੜ ਹੈ।
ਇਸ ਲੋੜ ਨੂੰ ਸਮਝਦਿਆਂ ਕੌਂਸਲ ਅਤੇ ਸਮੁੱਚੇ ਭਾਈਚਾਰੇ ਵਲੋਂ ਵੀ ਹੋਰ ਜਥੇਬੰਦੀਆਂ ਅਤੇ ਹਮ ਖਿਆਲ ਵਿਅਕਤੀਆਂ ਨਾਲ ਮਿਲ ਕੇ ੨੦੦੯ ਤੋਂ ਕੈਲੇਫੋਰਨੀਆਂ ਵਿਚ ਕਰੀਕਲਮ ਕਮਿਸ਼ਨ ਬਨਣ ਤੋਂ ਲੈ ਕੇ ੨੦੧੮ ਸਕੂਲਾਂ ਦੀਆਂ ਨਵੀਆਂ ਪਾਠ ਪੁਸਤਾਂ ਤੀਕ, ਪਰਸਪਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਜਿਸਦੇ ਫ਼ਲਸਰੂਪ ਅਜ ੨੦੧੮ ਨਵੀਆਂ ਟੈਕਸਟ ਬੁਕਸ ਛਪ ਗਈਆਂ ਹਨ। ਇਹਦੇ ਲਈ ਸਿੱਖ ਕੌਂਸਲ ਸਮੇਤ ਸਾਰੀਆਂ ਜਥੇਬੰਦੀਆਂ, ਖਾਸਤੌਰ ਤੇ ਸਿੱਖ ਕੋਲੀਸ਼ਨ, ਹਮਖਿਆਲ ਵਿਅਕਤੀ, ਕੈਲੇਫ਼ੋਰਨੀਆਂ ਡੀਪਾਰਟਮੈਂਟ ਆਫ਼ ਐਜੂਕੇਸ਼ਨ, ਸਟੇਟ ਬੋਰਡ ਆਫ਼ ਐਜੂਕੇਸ਼ਨ, ਕੈਲੇਫ਼ੋਰਨੀਆਂ ਲੈਜਿਸਲੇਟਰਜ਼ ਅਤੇ ਗਵਰਨਰ ਜੈਰੀ ਬਰਾਊਨ ਸਾਰੇ ਹੀ ਵਧਾਈ ਦੇ ਪਾਤਰ ਹਨ।
ਫ਼ਰੈਜ਼ਨੋ ਕਾਊਂਟੀ ਸੁਪਰਿਨਟੈਂਡੈਂਟ ਆਫ਼ ਸਕੂਲਜ਼, ਅਨੁਸਾਰ ਆਮ ਲੋਕਾਂ ਦੀ ਜਾਣਕਾਰੀ ਲਈ ਹਿਸਟਰੀ – ਸੋਸ਼ਲ ਸਾਇੰਸ ਦੀਆਂ ਇਹ ਪਾਠ ਪੁਸਤਕਾਂ ਫ਼ਰੈਜ਼ਨੋ ਸਟੇਟ ਯੂਨੀਵਰਸਟੀ ਦੀ ਹੈਨਰੀ ਮੈਡਨ ਲਾਏਬ੍ਰੇਰੀ ਦੇ ਲਰਨਿੰਗ ਰੀਜ਼ੋਰਸਿਜ਼ ਡਿਸਪਲੇ ਸੈਂਟਰ ਵਿਚ ਨਮੈਸ਼ ਵਜੋਂ ਉਪਲਭਦ ਹਨ, ਜਿਨ੍ਹਾਂ ਵਿਚ ਹੋਰਨਾਂ ਘਟ ਗਿਣਤੀਆਂ ਦੇ ਨਾਲ ਹੁਣ ਸਿੱਖੀ ਬਾਰੇ ਜਾਣਕਾਰੀ ਵੀ ਸ਼ਾਮਿਲ ਹੈ। ਇਹ ਜਾਣਕਾਰੀ ਹੁਣ ਕੈਲੇਫ਼ੋਰਨੀਆਂ ਦੇ ੬ ਮਿਲੀਆਨ ਵਿਦਿਆਰਥੀਆਂ ਨੂੰ ਉਪਲਭਦ ਹੋ ਸਕੇਗੀ।ਅਮਰੀਕਨ ਸਿੱਖਾਂ ਦੀ ਕੌਮੀ ਪੱਧਰ ਤੇ ਯਤਨਸ਼ੀਲ ਮੋਹਰੀ ਸੰਸਥਾ, ਸਿੱਖ ਕੋਲੀਸ਼ਨ ਦੀ ਨਵੀਂ ਛਪੀ ਰੀਪੋਰਟ ਮੁਤਾਬਿਕ ਕੈਲੇਫ਼ੋਰਨੀਆਂ ਦੇ ਨਾਲ ਹੁਣ ਟੈਕਸਾਸ, ਟੈਨਿਸੀ, ਨਿਊਯੌਰਕ, ਨਿਊਜਰਸੀ, ਆਈਡਾਹੋ,ਅਤੇ ਕਲੋਰਾਡੋ ੬ ਸਟੇਟਸ ਹੋਰ ਸ਼ਾਮਿਲ ਹੋ ਗਈਆਂ ਹਨ। ਵਾਸ਼ਿੰਗਟਨ ਡੀ.ਸੀ ਸਮੇਤ ਕੁਲ ਮਿਲਾ ਕੇ ੧੫ ਮਿਲੀਅਨ ਤੋਂ ਵਧ ਵਿਦਿਆਰਥੀ ਹੁਣ ਹਰ ਸਾਲ ਇਨ੍ਹਾਂ ਨਵੀਆਂ ਪਾਠ ਪੁਸਤਕਾਂ ਦਾ ਲਾਭ ਉਠਾਉਂਦਿਆਂ ਸਿੱਖੀ ਬਾਰੇ ਜਾਣ ਸਕਣਗੇ।ਇਸਤਰਾਂ ਇਹ ਨੰਬਰ ਆਏ ਦਿਨ ਵਧਦਾ ਜਾਏਗਾ। ਬਾਬੇ ਨਾਨਕ ਦੇ ਦਰ ਤੋਂ ਪਵਿੱਤਰ ਨਵੰਬਰ ਮਹੀਨੇ ਦੌਰਾਨ ਲੰਘਣ ਵਾਲਾ ਉਹ ਲਾਂਘਾ ਜਿਥੇ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਰੂਸ, ਚੀਨ, ਈਰਾਨ ਨੂੰ ਜੋੜਨ ਦੇ ਸਮ੍ਰਥ ਹੈ, ਇਧਰ ਸੱਤ ਸਮੁੰਦਰ ਪਾਰ ਅਮਰੀਕਾ ਦੇ ਇਤਿਹਾਸ ਰਾਹੀਂ ਬਣਨ ਵਾਲਾ ਇਹ ਪੁਲ੍ਹ ਵਿਸ਼ਵ ਨਾਲ ਜੁੜਣ ਜਾ ਰਿਹਾ ਹੈ, ਜੋ ਆਰਨੌਲਡ ਟੋਇਨਬੀ ਨੂੰ ਵੀ ਠੀਕ ਸਾਬਿਤ ਕਰ ਸਕਦਾ ਹੈ ਅਤੇ ਸੁਸ਼ਮਾ ਸਵਰਾਜ ਜੀ ਨੂੰ ਵੀ!
ਪਸ਼ੌਰਾ ਸਿੰਘ ਢਿੱਲੋਂ
Leave a Reply