ਬਾਬਾ ਜੀ ਅਜ ਸਾਡੇ ਦਰਮਿਆਨ ਹੁੰਦੇ ਤਾਂ ਜਨਵਰੀ 2020 ਵਿਚ 150 ਸਾਲਾਂ ਦੇ ਹੋ ਜਾਂਦੇੇ। ਮੈਂ ਭਾਵੇਂ ਹੁਣ 10,00 ਮੀਲ ਦੂਰ ਅਮਰੀਕਾ ਵਿਚ ਬੈਠਾ ਹੋਇਆ ਸਾਂ, ਢੇਰ ਸਾਰੀਆਂ ਸ਼ੁਭ ਇਛਿਆਵਾਂ ਅਤੇ ਕੈਲੇਫੋਰਨੀਆਂ ਤੋਂ ਉਨ੍ਹਾਂ ਦੀ ਮਨ ਪਸੰਦ ਕਾਗਜ਼ੀ ਬਦਾਮ ਅਤੇ ਚੋਣਵੀਂ ਸੌਗੀ ਲੈ ਕੇ ਉਨ੍ਹਾਂ ਕੋਲ ਪਹੁੰਚ ਜਾਂਦਾ। ਉਹ ਉਦੋਂ ਅਟਾਰੀ ਤੋਂ ਭਕਨੇ ਰਾਹੀਂ ਢੰਡ-ਕਸੇਲ-ਤਰਨਤਾਰਨ ਨੂੰ ਜਾਂਦੀ ਕੱਚੀ ਸੜਕ ਉੱਪਰ ਬਣੀ ਹਵੇਲੀ ਜਿਹਨੂੰ ਲੋਕ ਬਾਬੇ ਦਾ ਡੇਰਾ ਹੀ ਸਦਦੇ ਸਨ, ਰਹਿੰਦੇ ਸਨ।1930 ਵਿਚ ਉਮਰ ਕੈਦ ਕੱਟਣ ਪਿੱਛੋਂ ਰਿਹਾਈ ਵੇਲੇੇ ਚਿੱਟੇ ਵਾਲਾਂ ਨਾਲ ਬਾਬਾ ਬਣੇ ਸੋਹਣ ਸਿੰਘ ਨੇ ਭਕਨੇ ਪਿੰਡ ਵਾਲੀ ਜੱਦੀ ਹਵੇਲੀ ਦੀ ਮੁਰੱਮਤ ਕਰਵਾ ਕੇ ਕੁੜੀਆਂ ਦਾ ਸਕੂਲ ਖੋਲ੍ਹ ਦਿੱਤਾ ਸੀ ਅਤੇ ਆਪ ਮੀਲ ਕੁ ਦੀ ਵਿੱਥ ‘ਤੇ ਉਸ ਸੜਕ ਨਾਲ ਲਗਦੀ ਆਪਣੀ ਜ਼ਮੀਨ ਦੇ ਖੁਲ੍ਹੇ ਖੇਤਾਂ ਵਿਚ ਪਾਏ ਕੱਚੇ ਕੋਠਿਆਂ ਵਿਚ ਰਹਿਣ ਲਗ ਪਏ ਸਨ।ਉਜਾੜਿਆਂ ਤੋਂ ਪਹਿਲਾਂ ਦੇਸ਼ਭਗਤ ਪਰਿਵਾਰਾਂ ਦੇ ਕੁਝ ਬੱਚੇ ਵੀ ਉਨ੍ਹਾਂ ਕੋਲ ਉਥੇ ਰਹਿੰਦੇ ਰਹੇ ਸਨ। ਉਹਦਾ ਨਾਂ ਤਾਂ ਕਿਰਤੀ ਕਿਸਾਨ ਆਸ਼ਰਮ ਰੱਖਿਆ ਸੀ, ਪਰ ਉਨ੍ਹਾਂ ਦਿਨਾਂ ਵਿਚ ਲੋਕ ਪਿੰਡ ਤੋਂ ਬਾਹਿਰ ਖੇਤਾਂ ਵਿਚ ਬਣਾਈਆਂ ਬਹਿਕਾਂ ਨੂੰ ਡੇਰਾ ਆਖਦੇ ਸਨ ਇਸ ਲਈ ਉਹ ‘ਬਾਬੇ ਦਾ ਡੇਰਾ’ ਹੀ ਵੱਜਦਾ ਸੀ ।
ਮੇਰੇ ਪਰਿਵਾਰ ਦੇ 1947 ਵਾਲੇ ਉਜਾੜਿਆਂ ਦੇ ਦੁਖਾਂਤ ਦੇ ਬਾਵਜੂਦ ਮੈਂ ਆਪਣੇ ਸੁਭਾਗ ਸਮਝਦਾ ਹਾਂ ਕਿ ਕਰੀਬੀ ਰਿਸ਼ਤੇਦਾਰ ਹੋਣ ਕਰ ਕੇ ਪਰਿਵਾਰ ਦੇ ਉਥੇ ਟਿਕਣ ਸਦਕਾ ਮੈਂ ਬਾਬੇ ਦੇ ਇਸੇ ਡੇਰੇ ਵਿਚ ਹੀ 6 ਸਾਲਾਂ ਦੀ ਕਿਸ਼ੋਰ ਅਵਸਥਾ ਤੋਂ 20 ਸਾਲ ਦੀ ਉਮਰ ਤੀਕ ਰਹਿ ਕੇ ਵੱਡਾ ਹੋਇਆ ਸਾਂ।ਬਦਕਿਸਮਤੀ ਨੂੰ 1960ਵਿਆਂ ਵਿਚ ਉਹ ਮੁਕੱਦਸ ਅਸਥਾਨ ਢਹਿ-ਢੇਰੀ ਹੋ ਗਿਆ ਸੀ ਅਤੇ ਬਾਬਾ ਜੀ ਤੀਸਰੀ ਵੇਰ ਨਵੀਂ ਥਾਂ ਸਕੂਲ ਦੇ ਨੇੜੇ ਝੁੱਗੀ ਪਾ ਕੇ ਰਹਿਣ ਲੱਗ ਪਏ ਸਨ। ਪਰੰਤੂ ਤਦ ਤੀਕ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਲੰਘ ਚੁਕਾ ਸੀ।ਮੇਰਾ ਪਰਿਵਾਰ ਉਥੋਂ ਯੂ.ਪੀ. ਤਰਾਈ ਵਿਚ ਜਾ ਚੁੱਕਾ ਸੀ। ਮੈਂ ਉਨ੍ਹਾਂ ਦੇ ਬਣਾਏ ਜੰਤਾ ਹਾਈ ਸਕੂਲ ਤੋਂ ਦਸਵੀਂ ਪਾਸ ਕਰ ਕੇ ਖਾਲਸਾ ਕਾਲਜ ਅੰ੍ਰਿਤਸਰ ਤੋਂ ਗਰੈਜੂਏਟ ਹੋ ਪਿੰਜੌਰ ਬਾਗ ਵਿਚ ਬਾਗਬਾਨੀ ਇਨਸਪੈਕਟਰ ਲਗ ਗਿਆ ਸੀ। ਮੇਰੇ ਪਿਤਾ ਜੀ ਚੱਲ ਵਸੇ ਸਨ ਅਤੇ ਆਉਣ ਵਾਲੇ ਵਕਤਾਂ ਦੇ ਥਪੇੜਿਆਂ ਵੱਸ ਭਕਨੇ ਤੋਂ ਦੂਰ ਤੋਂ ਦੂਰ ਹੁੰਦੇ ਹੋਏ ਕੰਮ ਰੋਜ਼ਗਾਰ ਲਈ ਅੱਧੀ ਦੁਨੀਆਂ ਦਾ ਚੱਕਰ ਕੱਟ ਕੇ ਅਮਰੀਕਾ ਵੱਸ ਜਾਣਾ ਸੀ।
ਤਰਾਸਦੀ ਇਹ ਹੈ ਕਿ ਬਾਬਾ ਜੀ ਦੇ ਮਗਰੋਂ ਉਸ ਝੌਂਪੜੀ ਦਾ ਵੀ ਖੁਰਾ ਖੋਜ ਮਿਟਾ ਕੇ ਖੇਤਾਂ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਬੇਸ਼ੱਕ ਬਾਬਾ ਜੀ ਦੀ ਯਾਦ ਨਾਲ ਜੁੜੀਆਂ ਇਨ੍ਹਾਂ ਦੋਹਾਂ ਥਾਵਾਂ ‘ਤੇ ਉਨ੍ਹਾਂ ਦਾ ਹੁਣ ਕੋਈ ਨਾਮ ਨਿਸ਼ਾਨ ਬਾਕੀ ਨਹੀਂ ਰਿਹਾ, ਪਰ ਮੇਰੇ
ਖਿਆਲਾਂ ਵਿਚ ਸਮਾਂ ਜਿਉਂ ਦਾ ਤਿਉਂ ਹੀ ਖਲੋਤਾ ਹੋਇਆ ਹੈ ਤੇ ਮੇਰੀ ਨਜ਼ਰ ਵਿਚ ਉਹ ਨੀਵੇਂ ਲੱਕ ਚਿੱਟੇ ਵਸਤਰ ਪਾਈ ਅਜ ਵੀ ਉਥੇ ਕਿਤੇ ਹੀ ਘੁੰਮਦੇ ਫਿਰਦੇ ਦਿਖਾਈ ਦਿੰਦੇ ਰਹਿੰਦੇ ਹਨ।ਇਸਤਰਾਂ ਬਾਵਜੂਦ ਇਸ ਦੇ ਕਿ ਬੇਸ਼ੱਕ ਉਹ ਸਮੁੱਚੀ ਕੌਮ ਦੇ ਬਾਬਾ ਹਨ, ਮੇਰੇ ਹਿੱਸੇ ਦੇ ਬਾਬਾ ਦਾ ਕੋਈ ਦੂਸਰਾ ਦਾਅਵੇਦਾਰ ਤਾਂ ਨਹੀਂ ਨਾ ਬਣ ਸਕਦਾ ।
ਮੈਂ 13-14 ਸਾਲ ਉਨ੍ਹਾਂ ਦੇ ਪਾਸ ਉਸ ਡੇਰੇ ਵਿਚ ਰਹਿ ਕੇ ਹੀ ਤਾਂ ਵੱਡਾ ਹੋਇਆ ਸਾਂ, ਇਸ ਲਈ ਮੇਰੇ ਹਥੋਂ ਕਾਗਜ਼ੀ ਬਦਾਮ ਅਤੇ ਸੌਗੀ ਤਾਂ ਉਹ ਜ਼ਰੂਰ ਸਵੀਕਾਰ ਕਰ ਲੈਂਦੇ। ਪਰ ਜੇ ਮੈਂ ਇਹਦੀ ਥਾਂ ਪੰਜਾਬ ਦੇ ਕਿਸਾਨ ਦੀ ਮਾਲੀ ਹਾਲਤ ਦੇ ਭਲੇ ਵਾਸਤੇ ਕੈਲੇਫ਼ੋਰਨੀਆਂ ਦੀ ਉੱਨਤ ਖੇਤੀ ਅਤੇ ਖੁਸ਼ਹਾਲ ਕਿਸਾਨੀ ਲਈ ਜਾਣੀ ਜਾਂਦੀ ਪ੍ਰਸਿਧ ਧਰਤੀ ਤੋਂ ਇਸ ਸੰਬੰਧੀ ਕੋਈ ਤਕਨੀਕ, ਕੋਈ ਤਰਕੀਬ ਜਾਂ ਤਜਵੀਜ਼ ਲੈ ਕੇ ਪੰਜਾਬ ਮੁੜਦਾ ਤਾਂ ਉਹ ਵਧੇਰੇ ਖੁਸ਼ ਹੁੰਦੇ।ਉਂਜ ਪਿਛਲੇ ਨਵੰਬਰ ਮਹੀਨੇ ਵਿਚ ਪੰਜਾਬ ਐਗ੍ਰੀਕਲਚਰਲ ਯੂਨੀਵਰਸਟੀ ਲੁਧਿਆਣਾ ਅਤੇ ਕੈਲੇਫ਼ੋਰਨੀਆਂ ਦੀ ਖੇਤੀ ਬਾੜੀ ਵਿਚ ਨਾਮਣਾ ਖੱਟਣ ਵਾਲੀ ਸਿਰਮੌਰ ਫ਼ਰੈਜ਼ਨੋ ਸਟੇਟ ਯੂਨੀਵਰਸਟੀ ਵਿਚਕਾਰ ਦੋਹਾਂ ਸੂਬਿਆਂ ਦੀ ਕਾਸ਼ਤਕਾਰੀ ਤਰੱਕੀ ਅਤੇ ਫੂਡ ਪਰੋਸੈਸਿੰਗ ਲਈ ਸਹਿਯੋਗ ਦਾ ਜੋ ਇਤਿਹਾਸਿਕ ਅਹਿਦਨਾਮਾ (MOU) 12 ਨਵੰਬਰ 2019 ਨੂੰ ਲਿਖਿਆ ਗਿਆ ਹੈ, ਉਸ ਵਿਚ ਮੇਰਾ ਵੀ ਹਿੱਸਾ ਹੈ,
ਇਹ ਜਾਣਕੇ ਉਹ ਮੈਨੂੰ ਸ਼ਾਬਾਸ਼ ਜ਼ਰੂਰ ਦਿੰਦੇ।ਇਸ ਤੋਂ ਅੱਗੇ ਜੇ ਮੈਂ ਉਨ੍ਹਾਂ ਨੂੰ ਡੇਢ ਸੌ ਸਾਲਾ ਜਨਮ ਦਿਨ ਧੂਮ-ਧਾਮ ਨਾਲ ਵੱਡੀ ਪੱਧਰ’ਤੇ ਮਨਾਉਣ ਦੀ ਸਲਾਹ ਦਿੰਦਾ ਤਾਂ ਉਹ ਮੈਨੂੰ ਜ਼ਰੂਰ ਝਿੜਕ ਦਿੰਦੇ।ਅਜਿਹੇ ਵਖਾਵਿਆਂ ਨੂੰ ਉਹ ਪਖੰਡ, ਗੈਰ ਜ਼ਰੂਰੀ ਭੇਡ ਚਾਲ ਅਤੇ ਨਾਕਾਰਤਮਕ ਕਾਰਾ ਕਹਿੰਦੇ ਸਨ।ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ‘ਤੇ ਉਨ੍ਹਾਂ ਦੇ ਨਾਂ ਉਪਰ ਉਨ੍ਹਾਂ ਦੇ ਮਿਸ਼ਨ ਦੇ ਹੀ ਐਨ ਉਲਟ ਜੋ ਕਰੋੜਾਂ ਰੁਪੈ ਸਵਾਗਤੀ ਪੰਡਾਲਾਂ, ਸਟੇਜਾਂ ਅਤੇ ਆਪਸੀ ਆਓ ਭਗਤ ਉਪਰ ਬਰਬਾਦ ਕੀਤੇ ਗਏ ਸਨ, ਉਹਦਾ ਜ਼ਿਕਰ ਵੀ ਉਹ ਜ਼ਰੂਰ ਕਰਦੇ।ਉਨ੍ਹਾਂ ਕੋਲ ਇੱਨਾਂ ਸਮਾਂ ਰਹਿੰਦਿਆਂ ਮੈਂ ਨਹੀਂ ਸੀ ਵੇਖਿਆ ਉਨ੍ਹਾਂ ਕਦੇ ਆਪਣਾ ਜਨਮ ਦਿਨ ਮਨਾਇਆ ਹੋਵੇ ਜਾਂ ਕਿਸੇ ਹੋਰ ਵਿਚ ਸ਼ਾਮਿਲ ਹੋਏ ਹੋਣ।ਮੇਰਾ ਨਹੀਂ ਖਿਆਲ ਉਨ੍ਹਾਂ ਨੂੰ ਜਨਵਰੀ ਮਹੀਨੇ ਵਿਚ ਆਪਣੇ ਜਨਮ ਦੀ ਠੀਕ ਤਾਰੀਖ ਦਾ ਵੀ ਪੱਕਾ ਪਤਾ ਸੀ।
ਬ੍ਰਹਮਗਿਆਨੀ ਕਮਿਊਨਿਸਟ
ਬਾਬਾ ਜੀ ਦਾ ਜਨਮ ਜਨਵਰੀ 1870 ਵਿਚ ਛੋਟੇ ਖਤਰਾਵੀਂ ਉਨ੍ਹਾਂ ਦੇ ਨਾਨਕੇ ਘਰ ਹੋਇਆ ਸੀ।ਉਹ 98 ਸਾਲ ਦੀ ਕੁਰਬਾਨੀ ਭਰਪੂਰ ਲੰਮੀ ਉਮਰ ਭੋਗ ਕੇ 1968 ਵਿਚ ਪੂਰੇ ਹੋਏ ਸਨ।ਅਗਲੀ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸ਼ਖਸੀਅਤ ਨੂੰ ਜਾਨਣ ਦੀ ਕੋਸ਼ਿਸ਼ ਕਰਨ ਲੱਗਿਆਂ ਕੁਝ ਗੱਲਾਂ ਸਮਝ ਲੈਣੀਆਂ ਜ਼ਰੂਰੀ ਹਨ ਜੋ ਉਨ੍ਹਾਂ ਬਾਬਤ ਕੁਝ ਕੁ ਪਾਏ ਭੁਲੇਖੇ ਦੂਰ ਕਰਨ ਵਿਚ ਸਹਾਈ ਹੋ ਸਕਦੀਆਂ ਹਨ।ਕੀ ਬਾਬਾ ਜੀ ਨਾਸਤਕ ਸਨ? ਜਾਂ ਆਸਤਕ ਸਨ? ਭਾਵ ਕੀ ਉਹ ਕਮਿਊਨਿਸਟ ਸਨ ਜਾਂ ਰਹਸਵਾਦੀ?
ਚਸ਼ਮਦੀਦ ਗਵਾਹ ਵਜੋਂ 14 ਸਾਲਾਂ ਦੀ ਮੇਰੀ ਨੇੜਤਾ ਦੌਰਾਨ ਮੈਂ ਉਨ੍ਹਾਂ ਨੂੰ ਕਦੇ ਹਨੇਰੇ ਜਾਂ ਸਵੇਰੇ ਰਵਾਇਤਨ ਕੋਈ ਪਾਠ-ਪੂਜਾ ਕਰਦਿਆਂ ਤਾਂ ਨਹੀਂ ਸੀ ਵੇਖਿਆ ਜੋ ਰੱਬ ਨੂੰ ਪਿਆਰ ਕਰਨ ਵਾਲੇ ਆਸਤਕਾਂ ਬਾਬਤ ਅਕਸਰ ਆਖਿਆ ਜਾਂਦਾ ਹੈ।ਪਰ ਉਹ ਰੱਬ ਦੇ ਬਣਾਏ ਬੰਦੇ-ਬੰਦੀਆਂ ਨੂੰ ਆਪਣੇ ਨਿੱਜੀ ਪਰਿਵਾਰ ਤੋਂ ਵੀ ਵਧ ਕੇ ਕਿੰਨਾ ਤੇ ਕਿਸ ਹੱਦ ਤੀਕ ਪਿਆਰ ਕਰਦੇ ਸਨ; ਖੁਲ੍ਹੀ ਕਿਤਾਬ ਵਾਂਗ ਸਭ ਦੇ ਸਾਹਮਣੇ ਹੈ।ਜਦੋਂ ਸ਼ਰਧਾਂਜਲੀ ਵਜੋਂ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ ਜੀ ਵਰਗੇ ਸਥਾਪਤ ਰਹਸਵਾਦੀ ਉਨ੍ਹਾਂ ਬਾਬਤ ਇਹ ਲਿਖ ਗਏੇ ਹਨ,“ਕੇਡੀ ਮਹਾਨ ਸ਼ਖਸੀਅਤ ਸਨ ਬਾਬਾ ਜੀ! ਜੋ ਇੱਕੋ ਵੇਲੇ ਮਹਾਨ ਕਮਿਊਨਿਸਟ ਵੀ ਸਨ ਅਤੇ ਓਨੇ ਵੱਡੇ ਹੀ ਰਹਸਵਾਦੀ (Mystic) ਵੀ ਸਨ,” ਤਾਂ ਮੇਰੇ ਵਿਚਾਰ ਵਿਚ ਇਹ ਸੰਸਾ ਇਥੇ ਹੀ ਖਤਮ ਹੋ ਜਾਣਾ ਚਾਹੀਦਾ ਹੈ।
ਉਹ ਆਜ਼ਾਦੀ ਲਈ ਜੂਝਦੇ ਸਜ਼ਾਏ ਮੌਤ ਤੋਂ ਲੈ ਕੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤੇ ਭੁਖ-ਹੜਤਾਲਾਂ ਸਮੇਂ ਅਨੇਕ ਵੇਰ ਮੌਤ ਦੇ ਮੂੰਹ ਵਿਚ ਜਾਂਦੇ ਤੇ ਵਾਪਿਸ ਪਰਤ ਆਉਂਦੇ ਰਹੇ ਸਨ। ਹਰੇਕ ਵਾਰ ਰਿਸ਼ਤੇਦਾਰ ਪਰਿਵਾਰ ਜਿਨ੍ਹਾਂ ਵਿਚ ਇਕਲੌਤੇ ਪੁੱਤ ਦੀ ਧਰਮ-ਮਾਂ, ਜਨਨੀ ਮਾਂ ਅਤੇ ਪਤਨੀ ਬਿਸ਼ਨ ਕੌਰ ਵੀ ਸ਼ਾਮਿਲ ਹੁੰਦੀਆਂ ਸਨ ਆਖਰੀ ਫ਼ਤਿਹ ਸਮਝ ਕਲੇਜਾ ਘੁੱਟ ਕੇ ਮੁੜ ਆਉਂਦੀਆਂ ਰਹੀਆਂ ਪਰ ਉਹ ਹਰ ਵੇਰ ਮੁੜ੍ਹ ਸੁਰਜੀਤ ਹੋ ਕੇ ਦੁਗਣੀ ਹਿੰਮਤ ਨਾਲ ਨਿਰੰਤਰ ਲੜਾਈ ਲਈ ਫ਼ਿਰ ਕਾਇਮ ਦਾਇਮ ਹੋ ਜਾਂਦੇ ਰਹੇ।ਭਲੇ ਵਕਤੀਂ ਪਰਿਵਾਰ ਵਿਚ ਇਹ ਗੱਲ ਵੀ ਚੱਲ ਪਈ ਸੀ ਕਿ ਬਾਬਾ ਜੀ ਕੋਲੋਂ ਹੁਣ ਮੌਤ ਵੀ ਡਰਨ ਲੱਗੀ ਹੈ।
ਰਵਾਇਤੀ ਜਨਮ ਦਿਨਾਂ ਦੀ ਮਨੌਤ ਤੇ ਬਾਬਾ ਜੀ ਦੇ ਵਿਚਾਰ
ਇਸ ਬਾਰੇ ਆਪਣੇ ਵਿਚਾਰ ਲਿਖਣ ਲਈ ਉਹ ਤਾਂ ਹੁਣ ਨਹੀਂ ਰਹੇ। ਪਰ ਮੇਰੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਇਹ ਰਵਾਇਤੀ ਜਨਮ ਦਿਨ ਨਾ ਕਦੇ ਆਪਣਾ ਮਨਾਇਆ ਸੀ ਤੇ ਨਾ ਹੀ ਮੈਂ ਕਦੇ ਕਿਸੇ ਹੋਰ ਵਿਚ ਸ਼ਮੂਲੀਅਤ ਕਰਦੇ ਉਨ੍ਹਾਂ ਨੂੰ ਵੇਖਿਆ ਸੀ। ਉਹ ਕਿਸੇ ਪਖੰਡ ਵਿਚ ਯਕੀਨ ਹੀ ਨਹੀਂ ਸੀ ਰਖਦੇ। ਗ੍ਰਿਹਸਤੀ ਜੀਵਨ ਹੁੰਦਿਆਂ ਸਧਾਰਣ ਦੁਨੀਆਂਦਾਰ ਵਾਂਗ ਬੇਔਲਾਦ ਹੋਣ ਕਰਕੇ ਨਾ ਤਾਂ ਉਨ੍ਹਾਂ ਨੂੰ ਕਦੇ ਪੁੱਤਾਂ ਦੀ ਘਾਟ ਮਹਿਸੂਸ ਕਰਦੇ ਮੈਂ ਵੇਖਿਆ ਸੀ ਅਤੇ ਨਾ ਹੀ ਮੇਰੇ ਵਿਚਾਰ ਵਿਚ ਉਨ੍ਹਾਂ ਨੂੰ ਆਪਣੇ ਮਗਰੋਂ ਬੁੱਤ ਲਗਵਾਉਣ ਦੀ ਕੋਈ ਪਰਵਾਹ ਹੋ ਸਕਦੀ ਹੈ।ਇਸ ਦਾਅਵੇ ਦਾ ਕਾਰਣ ਇਹ ਹੀ ਹੈ ਕਿ ਮੈਂ ਉਨ੍ਹਾਂ ਦੀ ਸ਼ਖਸੀਅਤ ਬਾਬਤ ਕਿਤਾਬਾਂ ਜਾਂ ਜੀਵਨੀਆਂ ਵਿਚੋਂ ਹੀ ਨਹੀਂ ਪੜ੍ਹਿਆ, ਮੈਂ ਉਨ੍ਹਾਂ ਦੇ ਹੱਥਾਂ ਵਿਚ ਖੇਡਦਾ, ਪੜ੍ਹਦਾ ਲਿਖਦਾ ਵੱਡਾ ਹੋਇਆ ਸਾਂ। ਇਸਤਰਾਂ ਮੈਂ ਉਨ੍ਹਾਂ ਨੂੰ ਬਹੁਤ ਕਰੀਬ ਤੋਂ ਵੇਖਿਆ, ਵਾਚਿਆ ਹੈ।ਮੇਰੀ ਪਰਵਰਿਸ਼ ਉਨਾਂ ਦੇ ਹਥਾਂ ਵਿਚ ਜੁ ਹੋਈ ਸੀ।
ਬਾਬਾ ਜੀ ਅਕਸਰ ਆਪਣੇ ਕੰਮ ਆਪ ਹੀ ਕਰਦੇ ਸਨ। ਬਜ਼ੁਰਗ ਉਮਰ ਹੋਣ ਦੇ ਬਾਵਜੂਦ ਵੀ ਉਹ ਵਾਹ ਲਗਦੀ ਕਿਸੇ ਨੂੰ ਖੇਚਲ ਨਹੀਂ ਸੀ ਦੇਂਦੇ। ਜਦੋਂ ਤੀਕ ਮਾਤਾ ਬਿਸ਼ਨ ਕੌਰ ਜੋ ਜੰਡਿਆਲੇ ਵਾਲੇ ਮੇਰੇ ਦਾਦਾ ਜੀਉਣ ਸਿੰਘ ਦੀ ਵੱਡੀ ਭੈਣ ਸੀ ਤੇ ਜਿਨ੍ਹਾਂ ਨੂੰ ਅਸੀਂ ਵੀ ਆਪਣੇ ਪਿਤਾ ਦੀ ਰੀਸ ਵਡੇ ਭੂਆ ਜੀ ਹੀ ਆਖਦੇ ਸਾਂ ਕਾਇਮ ਰਹੇ ਸਨ, ਬਾਬਾ ਜੀ ਉਨ੍ਹਾਂ ਦੇ ਹਥਾਂ ਦਾ ਪੱਕਿਆ ਫੁਲਕਾ ਹੀ ਛਕਣਾ ਪਸੰਦ ਕਰਦੇ ਰਹੇ ਸਨ। ਇਕ ਛੋਟਾ ਜਿਹਾ ਲਕੜ ਦਾ ਸਟੂਲ ਅਤੇ ਬੈਂਤ ਦੀ ਕੁਰਸੀ ਰਸੋਈ ਦੇ ਬਾਹਿਰ ਚੁਲ੍ਹੇ੍ ਦੇ ਕੋਲ ਹੀ ਰਖ ਦਿਤੇ ਜਾਂਦੇ ਸੀ। ਜਿਥੇ ਉਹ ਫੱੁਲ – ਫੱੁਲ ਕੇ ਲਹਿੰਦੇ ਹੋਏ ਨਿੱਕੇ ਨਿੱਕੇ ਦੋ ਫੁਲਕਿਆਂ ਦਾ ਇੰਤਜ਼ਾਰ ਕਰਦੇ ਸਨ। ਬਾਬਾ ਜੀ ਆਪ ਉਨ੍ਹਾਂ ਨੂੰ ‘ਬਿਸ਼ਨ ਕੌਰੇ ਜੀ’ ਆਖ ਕੇ ਹੀ ਵਾਜ ਮਾਰਿਆ ਕਰਦੇ ਸਨ ਤੇ ਉਹ ਹਮੇਸ਼ਾ ਅਗੋਂ ‘ਦਸੋ ਜੀ, ਸਤਿ ਬਚਨ ਜੀ’ ਕਹਿ ਕੇ ਹੀ ਹੁੰਗਾਰਾ ਦੇਂਦੇ ਸਨ। ਵਡੇ ਭੂਆ ਜੀ ਦੀ ਇਹੀ ਆਖਰੀ ਖਾਹਿਸ਼ ਸੀ ਕਿ ਉਹ ਬਾਬਾ ਜੀ ਦੇ ਹਥਾਂ ਵਿਚ ਈ ਸੁਰਖਰੂ ਹੋਣ ਤੇ ਹੋਇਆ ਵੀ ਇਸਤਰਾਂ ਹੀ ਸੀ।
ਪਰਿਵਾਰ ਵਿਚ ਸਾਡੇ ਵਲੋਂ ਸ਼ਰਾਰਤਾਂ ਕਰਨ ਤੇ ਕਈ ਵੇਰ ਪੁੱਠੇ ਕੰਮਾਂ ਦੇ ਬਾਵਜੂਦ ਬਾਬਾ ਜੀ ਨੇ ਸਾਨੂੰ ਗੁੱਸੇ ਵਿਚ ਕਦੇ ਝਿੜਕਿਆ ਨਹੀਂ ਸੀ । ਮੇਰੇ ਅਤੇ ਚਚੇਰੇ ਭੈਣਾਂ ਭਰਾਵਾਂ ਸਮੇਤ ਅਸੀਂ ਅਧੀ ਦਰਜਣ ਬੱਚਿਆਂ ਵਿਚੋਂ ਜਦੋਂ ਮੈਂ ਛੋਟਾ ਸਾਂ ਤੇ ਕੋਲ ਹੁੰਦਾ ਤਾਂ ਉਹ ਅਕਸਰ ਮੈਨੂੰ ਹੀ ਵਾਜ ਮਾਰਦੇ, ਆਪਣੇ ਕੋਲ ਬੁਲਾ ਲੈਂਦੇ ਤੇ ਸਕੂਲ ਬਾਰੇ ਕੋਈ ਗਲ ਪੁਛ ਲੈਂਦੇ। ਸ਼ਾਇਦ ਇਸ ਲਈ ਕਿ ਮੈਂ ਸੁਣ ਕੇ ਤੁਰਤ ਪਹੁੰਚ ਜਾਂਦਾ ਤੇ ਕੁਝ ਇਸ ਲਈ ਵੀ ਕਿ ਉਹ ਛੋਟੇ ਮੋਟੇ ਕੰਮ ਜੋ ਉਹ ਆਪ ਨਾ ਕਰ ਸਕਦੇ, ਲੋਲੋ ਪੋਪੋ ਕਹਿ ਕੇ ਮੇਰੇ ਤੋਂ ਕਰਵਾ ਲੈਂਦੇ ਸਨ। ਮੇਰਾ ਉਨ੍ਹਾਂ ਨਾਲ ਬਾਬੇ ਪੋਤੇ – ਦੋਹਤੇ ਵਾਲਾ ਰਿਸ਼ਤਾ ਇਸ ਕਦਰ ਪੱਕਾ ਹੋ ਗਿਆ ਸੀ ਕਿ ਸਟਾਫ ਮੈਨੂੰ ਬਾਬੇ ਡੇਰੇ ਵਾਲਾ ਮੁੰਡਾ ਤੇ ਸਕੂਲੀ ਬੱਚੇ ਖੇਡ ਖੇਡ ਵਿਚ ਬਾਬਾ ਵੀ ਆਖ ਦਿੰਦੇ ਸਨ।
ਪੰਜਵੀਂ ਛੇਵੀਂ ਜਮਾਤ ਤਕ ਛੋਟੇ ਮੋਟੇ ਹੋਰ ਕੰਮਾਂ ਤੋਂ ਇਲਾਵਾ ਮੇਰੀ ਪੱਕੀ ਡਿਊਟੀ ਇਹ ਸੀ ਕਿ ਪੰਜੇ ਦਿਨ ਸ਼ਾਮ ਨੂੰ ਪਿੰਡੋਂ ਜਾ ਕੇ ਉਰਦੂ ਵਿਚ ਛਪਦਾ ‘ਨਯਾ ਜ਼ਮਾਨਾ’ ਅਖਬਾਰ ਉਨ੍ਹਾਂ ਲਈ ਲਿਆਉਣਾ ਹੁੰਦਾ ਸੀ। ਉਹ ਅਖਬਾਰ ਭਕਨੇ ਪਿੰਡ ਰਹਿੰਦਾ ਇਕ ਦੋਧੀ ਅੰਮ੍ਰਿਤਸਰ ਤੋਂ ਬਾਬਾ ਜੀ ਵਾਸਤੇ ਲੈ ਕੇ ਆਉਂਦਾ ਹੁੰਦਾ ਸੀ।ਮੈਂ ਕਈ ਵੇਰ ਸਕੂਲ ਦੇ ਕੰਮ ਦਾ ਬਹਾਨਾ ਲਾ ਕੇ ਵਿੱਟਰ ਜਾਂਦਾ ਸਾਂ। ਅਸਲ ਵਿਚ ਉਸ ਦੋਧੀ ਦਾ ਘਰ ਡੇਰੇ ਤੋਂ ਸਵਾ ਕੁ ਮੀਲ ਦੀ ਵਿੱਥ ਤੇ ਭਕਨੇ ਪਿੰਡ ਦੀ ਦੂਜੀ ਬਾਹੀ ਸ਼ਿਵ-ਦਵਾਲੇ ਵਾਲੇ ਪਾਸੇ ਨੂੰ ਸੀ। ਸ਼ਾਮ ਨੂੰ ਓਹੀ ਸਮਾਂ ਨਾਲ ਲਗਦੀ ਸਕੂਲ ਦੀ ਗਰਾਉਂਡ ਵਿਚ ਫੁੱਟ ਬਾਲ ਖੇਡਣ ਦਾ ਸਮਾਂ ਹੁੰਦਾ ਸੀ।ਮੇਰੀਆਂ ਲਤਾਂ ਅਜੇ ਸਾਈਕਲ ਤੇ ਪਹੁੰਚਣ ਜੋਗੀਆਂ ਨਹੀਂ ਸਨ ਹੋਈਆਂ। ਉਂਜ ਵੀ ਘਰ ਵਿਚ ਕੋਈ ਸਾਈਕਲ ਹੈ ਵੀ ਨਹੀਂ ਸੀ ।ਤੁਰ ਕੇ ਜਾਣਾ ਹੁੰਦਾ ਸੀ। ਬਾਬਾ ਜੀ ਮੇਰਾ ਬਹਾਨਾ ਵੀ ਤੇ ਮੇਰੀ ਮੁਸ਼ਕਿਲ ਨੂੰ ਵੀ ਖੂਬ ਸਮਝਦੇ ਸਨ।ਇਸ ਵਾਸਤੇ ਉਨ੍ਹਾਂ ਨੇ ਮੈਨੂੰ ਮੋਟੀ ਲੋਹੇ ਦੀ ਸੀਖ ਨਾਲ ਇਕ ਗੋਲ-ਮੋਲ ਪਹੀਆ-ਨਮਾ ਰੇਹੜ੍ਹਾ ਬਣਵਾ ਕੇ ਦੇ ਦਿਤਾ ਹੋਇਆ ਸੀ। ਉਸ ਵਿਚ ਕੁੰਡੀ ਵਾਲੀ ਤਾਰ ਫਸਾ ਕੇ ਨੰਗੇ ਪੈਰੀਂ ਜਦੋਂ ਮੈਂ ਭਕਨੇ ਨੂੰ ਜਾਂਦੀ ਹੋਈ ਕਚੀ ਸੜਕ ਤੇ ਭਜਾਉਂਦਾ ਤਾਂ ਪਤਾ ਨਾ ਲਗਦਾ ਕਦੋਂ ਦੋਧੀ ਬਾਬਾ ਗੁੱਜਰ ਸਿੰਘ ਦੇ ਘਰੋਂ ਅਖਬਾਰ ਲੈ ਕੇ ਵਾਪਿਸ ਵੀ ਆ ਜਾਂਦਾ । ਅਖਬਾਰ ਲਿਆਉਣ ਲਈ ਉਹ ਮੇਰਾ ਧੰਨਵਾਦ ਵੀ ਕਰਦੇ ਤੇ ਕਦੇ ਕਦੇ ਮੈਨੂੰ ਨਕਦ ਇਕ ਆਨਾ ਜੇਬ-ਖਰਚ ਲਈ ਵੀ ਦੇ ਦੇਂਦੇ ਤੇ ਹਦਾਇਤ ਕਰਦੇ ਕਿ ਗੁਰੇ ਰੇਹੜੂ ਵਾਲੇ ਦੀ ਦੁਕਾਨ ਤੋਂ ਸਿਰਫ ਸੰਤਰਾ ਲੈ ਕੇ ਖਾਵੀਂ, ਕੁਝ ਹੋਰ ਨਾ ਖਰੀਦੀਂ। ਮੈਂ ਕਈ ਵੇਰ ਸੰਤਰਾ ਵੀ ਨਾ ਖਰੀਦ ਦਾ ਤੇ ਉਹ ਆਨਾ ਬਾਬੇ ਬੁਢੇ ਜਾਂ ਪੀਰ-ਹਦੂਰੀ ਦੇ ਮੇਲੇ ਤੇ ਖਰਚਣ ਲਈ ਬਚਾ ਕੇ ਰਖ ਲੈਂਦਾ ਸਾਂ।
ਉਹ ਦੁਧ ਢੋਣ ਵਾਲਾ ਦੋਧੀ ਵੀ ਕੋਈ ਹੋਰ ਨਹੀਂ ਸੀ। ਬਾਬਾ ਜੀ ਦਾ ਜਿਗਰੀ ਦੋਸਤ ਦੇਸ਼-ਭਗਤ ਬਾਬਾ ਗੁੱਜਰ ਸਿੰਘ ਸੀ। ਉਹ ਵੀ ਗਦਰੀ ਘੁਲਾਟੀਏ ਸਨ ਤੇ ਬਾਬਾ ਜੀ ਨਾਲ ਬਹੁਤ ਸਨੇਹ ਰਖਦੇ ਸਨ।ਉਹ
ਅਮਰੀਕਾ ਤਾਂ ਨਹੀਂ ਸੀ ਗਏ, ਸ਼ੰਘਾਈ ਵਿਚ ਕੰਮ ਕਰਦਿਆਂ ਗਦਰੀਆਂ ਦੇ ਸੰਪ੍ਰਕ ਵਿਚ ਆਏ ਸਨ ਤੇ ਵਾਪਿਸ ਪਰਤ ਕੇ ਫਿਰ ਬਾਬਾ ਸੋਹਣ ਸਿੰਘ ਜੀ ਵਾਂਗ ਹੀ ਉਨ੍ਹਾਂ ਨੇ ਵੀ ਮੁੜ੍ਹ ਕੇ ਘਰ ਵਲ ਨਹੀਂ ਸੀ ਵੇਖਿਆ।ਬਾਬਾ ਗੱੁਜਰ ਸਿੰਘ ਬਾਬਾ ਜੀ ਨਾਲੋੋਂ ਉਮਰ ਵਿਚ 9-10 ਸਾਲ ਛੋਟੇ ਹੋਣਗੇ ਤੇ ਜੇਲ੍ਹਾਂ ਦੀਆਂ ਜਾਨ-ਲੇਵਾ ਭੁਖ-ਹੜਤਾਲਾਂ ਦੀ ਮਾਰ ਤੋਂ ਵੀ ਬਚੇ ਰਹੇ ਸਨ।ਬਜ਼ੁਰਗ ਤੇ ਉਹ ਵੀ ਕਾਫੀ ਹੋ ਗਏ ਸਨ ਪਰ ਅਜੇ ਸਾਈਕਲ ਚਲਾ ਲੈਂਦੇ ਸਨ ਅਤੇ ਅੰਮ੍ਰਿਤਸਰ ਖਾਲਸਾ ਕਾਲਜ ਦੇ ਸਾਹਮਣੇ ਵਾਲੀ ਆਪਣੇ ਛੋਟੇ ਭਰਾ ਬਾਬਾ ਸੂਬਾ ਸਿੰਘ ਦੀ ਖੋਏ ਦੀ ਦੁਕਾਨ ਤੇ 15-16 ਮੀਲ ਦੂਰ ਰੋਜ਼ ਦੁਧ ਪਾਉਣ ਜਾਇਆ ਕਰਦੇ ਸਨ। ਦੁੱਖ ਦੀ ਗੱਲ ਤਾਂ ਇਹ ਹੈ ਕਿ ਉਸ ਉਮਰ ਵਿਚ ਵੀ ਸਾਡੇ ਦੇਸ਼ਭਗਤਾਂ ਨਾਲ ਆਖਿਰ ਇਸਤਰਾਂ ਕਿਉਂ ਹੋ ਰਿਹਾ ਸੀ। 6 ਸਤੰਬਰ 1975 ਨੂੰ ਉਨ੍ਹਾਂ ਦਾ ਦਿਹਾਂਤ ਹੋਇਆ ਸੀ ।ਹੁਣ ਜਦੋਂ ਮੈਂ ਉਨ੍ਹਾਂ ਦੀ ਉਮਰ ਭਰ ਦੀਆਂ ਕੁਰਬਾਨੀਆਂ ਅਤੇ ਆਜ਼ਾਦ ਦੇਸ-ਵਾਸੀਆਂ ਦੀ ਆਪਣੀ ਸਰਕਾਰ ਵਲੋਂ ਉਸ ਬ੍ਰਿਧ ਅਵਸਥਾ ਵਿਚ ਵੀ ਦਿਤੇ ਹੋਏ ਉਸ ਸਿਲੇ ਬਾਰੇ ਸੋਚਦਾ ਹਾਂ ਤਾਂ ਰੋਣ ਨੂੰ ਜੀਅ ਕਰਦਾ ਹੈ।ਅਜਿਹੇ ਦੇਸ਼ਭਗਤਾਂ ਜਿਨ੍ਹਾਂ ਦੇਸ਼ ਨੂੰ ਦਿੱਤਾ ਹੀ ਦਿੱਤਾ ਤੇ ਆਪ ਲਈ ਕੁਝ ਵੀ ਨਾ ਮੰਗਿਆ, ਹੁਣ ਉਨ੍ਹਾਂ ਦੇ ਬੁੱਤ ਬਣਾੳੇੁਣ ਤੇ ਲਗਾਉਣ ਦਾ ਭਲਾ ਕੀ ਅਰਥ? ਕਾਸ਼! ਉਨ੍ਹਾਂ ਦੇ ਵਾਰਿਸਾਂ ਤੇ ਵਾਰਸ ਸਰਕਾਰਾਂ ਨੇ ਜੀਉਂਦੇ-ਜੀਅ ਉਨ੍ਹਾਂ ਅਣਮੋਲ ਹੀਰਿਆਂ ਦੀ ਸਾਰ ਲਈ ਹੁੰਦੀ ।
ਬਾਬਾ ਗੁੱਜਰ ਸਿੰਘ ਹੁਰਾਂ ਵਿਚ ਵੀ ਨਿਮ੍ਰਤਾ ਐਨੀ ਕਿ ਬਜ਼ੁਰਗ ਉਮਰ ਵਿਚ ਸ਼ਾਮਾਂ ਨੂੰ ਹਥ ਨਾਲ ਪੱਠੇ ਕੁਤਰਨ ਵੇਲੇੇ ਮਸ਼ੀਨੀਂ ਟੋਕੇ ‘ਤੇ ਪੱਠੇ ਕੁਤਰ ਰਹੇ ਸੀਰੀ ਨਾਲ ਟੋਕੇ ਦੇ ਦਸਤੇ ਨੂੰ ਲੰਬੀ ਰਸੀ ਬੰਨ੍ਹ ਕੇ ਹੱਥ ਵਟਾਉਂਦੇ ਮੈਂ ਵੇਖਦਾ ਰਿਹਾ ਸਾਂ । ਉਹ ਪੱਠਿਆਂ ਦਾ ਦੱਥਾ ਟੋਕੇ ਦੇ ਪਨਾਲੇ ਵਿਚ ਬੀੜ ਕੇ ਸੀਰੀ ਦੀ ਮਦਦ ਲਈ ਝਟ ਅਗੇ ਹੋ ਕੇ ਰਸੀ ਖਿੱਚਣ ਲਗ ਜਾਂਦੇ। ਅਖਬਾਰ ਲੈਣ ਲਈ ਘਰ ਆਇਆ ਵੇਖ ਕੇ ਬਾਬਾ ਗੁੱਜਰ ਸਿੰਘ ਇਕ ਪਲ ਲਈ ਰੁਕ ਜਾਂਦੇ। ਮੀਂਹ-ਕਣੀ ਤੇ ਰਸਤੇ ਵਿਚ ਹਵਾ ਤੋਂ ਪਾਟਣੋਂ ਬਚਾ ਕੇ ਮੋਮੀ ਜਿਹੇ ਕਾਗਜ਼ ਵਿਚ ਲਪੇਟੀ “ਨਯਾ ਜ਼ਮਾਨਾ” ਅਖਬਾਰ ਨੂੰ ਉਹ ਕੱਚੇ ਕੋਠੇ ਦੀ ਕੰਧ ਨਾਲ ਖਲੋਤੇ ਸਾਈਕਲ ਦੀ ਹੈਂਡਲ ਤੇ ਲਮਮਕਦੇ ਝੋਲੇ ਵਿਚੋਂ ਕਢਦਿਆਂ ਮੈਨੂੰ ਛੇੜਦੇ । ਅਖਬਾਰ ਮੇਰੇ ਹੱਥ ਦੇਣ ਤੋਂ ਪਹਿਲਾਂ ਆਖਦੇ, “ ਸੁਣਾ ਬਈ ਜਵਾਨਾ ਅਜ ਵੀ ਰੇਹੜੇ ਤੇ ਆਇਆ ਏਂ ਕਿ ਤੁਰ ਕੇ”? ਮੈਂ ਉਨ੍ਹਾਂ ਦੀ ਟਿੱਚਰ ਨੂੰ ਸੁਣੀ ਅਣ-ਸੁਣੀ ਕਰ ਕੇ ਅਖਬਾਰ ਫੜਦਾ ਤੇ ਵਾਪਿਸ ਹੋ ਲੈਂਦਾ। ਉਸ ਉਮਰ ਵਿਚ ਮੈਂ ਕੇਡਾ ਸਿੱਧੜ ਤੇ ਬੇਖਬਰ ਸਾਂ; ਉਹ ਆਮ ਬਾਬਿਆਂ ਵਰਗੇ ਬਾਬੇ ਨਹੀਂ ਸਨ, ਉਹ ਤਾਂ ਸੰਸਥਾਵਾਂ ਸਨ।ਪਰ ਜਦੋਂ ਤੀਕ ਮੈਨੂੰ ਇਸ ਸੱਚਾਈ ਦਾ ਪੂਰਾ ਅਹਿਸਾਸ ਹੋਇਆ, ਉਹ ਦੂਰ ਜਾ ਚੁਕੇ ਸਨ।
ਕੁੱਤਬ ਸਾਹਿਬ ਦੀ ਲਾਠ ਜੋ ਹੁਣ ਉਥੇ ਨਹੀਂ ਰਹੀ
ਕਦੇ ਕਦੇ ਬਾਬਾ ਗੁੱਜਰ ਸਿੰਘ ਕਿਸੇ ਕਾਰਣ ਅੰਮ੍ਰਿਤਸਰੋਂ ਦੇਰ ਨਾਲ ਆਉਂਦੇ ਤਾਂ ਮੈਂ ਉਨ੍ਹਾਂ ਦੇ ਘਰ ਬੈਠਾ ਉਡੀਕ ਕਰਨ ਦੀ ਬਜਾਏ ਤਾਰ ਵਾਲਾ ਰੇੜ੍ਹਾ ਲੈ ਕੇ ਸ਼ਿਵ- ਦਵਾਲੇ ਦੇ ਰੌੜ-ਮਦਾਨ ਵਲ ਨਿਕਲ ਜਾਂਦਾ। ਭਕਨੇ ਪਿੰਡ ਦਾ ਇਹ ਨਿੱਕੀ ਇੱਟ ਵਿਚ ਚਿਣਿਆਂ ਹੋਇਆ 400 ਸਾਲ ਪੁਰਾਣਾ ਸ਼ਿਵ ਕਰਿਸ਼ਨਾਂ ਮੰਦਰ ਪਿੰਡ ਤੋਂ ਖਾਸੇ ਰਾਹੀਂ ਜੀ.ਟੀ ਰੋਡ ਨੂੰ ਮਿਲਾਉਣ ਵਾਲੀ ਕੱਚੀ ਸੜਕ ‘ਤੇ ਸਥਿਤ ਸੀ ਜੋ ਹੁਣ ਪੱਕੀ ਬਣ ਗਈ ਹੈ। ਇਥੇ ਸ਼ਿਵਰਾਤਰੀ ਅਤੇ ਜਨਮ-ਅਸ਼ਟਮੀ ਤੇ ਮੇਲਾ ਲਗਦਾ ਹੈ। ਇਸ ਮੰਦਰ ਦੇ ਪਿਛਲੇ ਪਾਸੇ ਨਿੱਕੀ ਇੱਟ ਦੀਆਂ ਪੌੜੀਆਂ ਵਾਲਾ ਇਕ ਡੂੰਘਾ ਸਰੋਵਰ ਹੈ।ਓਦੋਂ ਇਹ ਅਧ ਢੱਠਾ ਹੋਇਆ ਹੋਣ ਕਰਕੇ ਇਕ ਪਾਸੇ ਗਊ ਘਾਟ ਜਿਹਾ ਬਣ ਗਿਆ ਸੀ ਜੋ ਪਹਿਲਾਂ ਵੀ ਸ਼ਾਇਦ ਗਊ ਘਾਟ ਹੀ ਹੋਵੇਗਾ। ਓਥੇ ਗਊਆਂ ਪਾਣੀ ਪੀਂਦੀਆਂ ਸਨ।ਪਿੰਡ ਵਲ ਬਾਬਾ ਗੁੱਜਰ ਸਿੰਘ ਦੇ ਘਰ ਤਕ ਫੈਲਿਆ ਹੋਇਆ ਖਾਲੀ ਰੌੜ ਮੈਦਾਨ ਸੀ।ਪਿੰਡ ਦੇ ਮੁੰਡੇ ਉਸ ਨੂੰ ‘ਰੌੜ’ ਹੀ ਆਖਦੇ ਸਨ ਅਤੇ ਤਕਾਲਾਂ ਨੂੰ ਖਿਦੋ-ਖੂੰਡੀ ਖੇਡਦੇ ਓਥੇ ਨੰਗੇ ਪੈਰੀਂ ਹੀ ਭਜਦੇ ਫਿਰਦੇ ਰਹਿੰਦੇ।ਸਕੂਲ ਵਿਚ ਜਾਣੂ ਹੋਣ ਕਰਕੇ ਮੈਂ ਵੀ ਉਨ੍ਹਾਂ ਬੱਚਿਆਂ ਨਾਲ ਜਾ ਮਿਲਦਾ ਤੇ ਰੇੜ੍ਹਾ ਗੋਲ ਥੜ੍ਹੇ ‘ਤੇ ਰਖ ਕੇ ਮਾਂਗਵੀਂ ਖੂੰਡੀ ਨਾਲ ਕੁਝ ਚਿਰ ਲਈ ਟੋਣੇ ਲਾ ਆਉਂਦਾ। ਪੱਕੀ ਇੱਟ ਦਾ ਬਣਿਆਂ ਇਹ ਗੋਲ ਥੜ੍ਹਾ ਉਸ ਰੌੜ-ਮੈਦਾਨ ਦੇ ਐਨ ਵਿਚਕਾਰ ਸੀ।ਖੇਡਣ ਵੇਲੇ ਮੁੰਡੇ ਅਕਸਰ ਆਪਣਾ ਵਾਧੂ ਸਾਮਾਨ, ਕਪੜੇ, ਖੂੰਡੀਆਂ, ਜੁੱਤੀਆਂ ਆਦਿ ਉਸ ਥੜ੍ਹੇ ‘ਤੇ ਈ ਰਖ ਲੈਂਦੇ ਸਨ।ਥੜ੍ਹੇ ਦੇ ਉਪਰ ਐਨ ਵਿਚਕਾਰ ਇਕ ਬਹੁਤ ਉਚੀ ਲੋਹੇ ਦੀ ਲਾਠ ਸਿਧੀ ਤੀਰ ਵਾਂਗ ਗਡੀ ਖਲੋਤੀ ਹੋਈ ਸੀ ਜੋ ਚਿੱਟੇ ਕਲਰੀ ਭਾਅ ਮਾਰਦੇ ਰੌੜ-ਮਦਾਨ ਵਿਚ ਕੁਤਬ ਸਾਹਿਬ ਦੀ ਲਾਠ ਵਾਂਗ ਦੂਰੋਂ ਈ ਦਿਸ ਪੈਂਦੀ ਸੀ । ਬਾਬਾ ਗੱੁਜਰ ਸਿੰਘ ਦਸਦੇ ਸਨ ਕਿ ਉਹ ‘ਕੁਲ ਹਿੰਦ ਕਿਸਾਨ ਸਭਾ’ ਦੇ ਪਹਿਲੇ ਮਹਾਂ ਸਮੇਲਨ ਦੀ ਰਹਿ ਗਈ ਬਾਕੀ ਨਿਸ਼ਾਨੀ ਸੀ, ਜੋ 1943 ਵਿਚ ਪਹਿਲੀ ਵੇਰ ਪੰਜਾਬ ਵਿਚ ਕਰਨਾ ਮਿਥਿਆ ਗਿਆ ਸੀ।
ਭਕਨੇ ਪਿੰਡ ਵਾਸਤੇ 1943 ਦਾ ਉਹ ਇਤਿਹਾਸਿਕ ਦਿਨ ਸੀ ਜਦੋਂ ਨਾ ਕੇਵਲ ‘ਕੁਲ ਹਿੰਦ ਕਿਸਾਨ ਸਭਾ’ ਦਾ ਮਹਾਂ ਸੰਮੇਲਨ ਪੰਜਾਬ ਵਿਚ ਕਰਨਾ ਮਿਥਿਆ ਗਿਆ ਸੀ ਸਗੋਂ ਬਾਬਾ ਸੋਹਣ ਸਿੰਘ ਦਾ ਪਿੰਡ ਹੋਣ ਸਦਕਾ ਗੁਣਾ ਵੀ ਭਕਨੇ ਪਿੰਡ ਦਾ ਹੀ ਪੈ ਗਿਆ ਸੀ। ਇਸ ਤੋਂ ਵੀ ਵਧੀਆ ਗਲ ਇਹ ਹੋਈ ਸੀ ਕਿ ਐਨ ਮੌਕੇ ਉਤੇ ਬਾਬਾ ਜੀ ਨੂੰ ਰਿਹਾਅ ਕਰ ਦਿਤਾ ਗਿਆ ਸੀ। ਬਹੁਤ ਲੋਕ ਸ਼ਾਇਦ ਇਹ ਨਹੀਂ ਜਾਣਦੇ ਹੋਣਗੇ ਕਿ ਉਮਰ ਕੈਦ ਕੱਟ ਕੇ 1930 ਵਿਚ ਰਿਹਾਅ ਹੋਣ ਤੋਂ ਮਗਰੋਂ ਵੀ 12 -13 ਸਾਲ ਬਾਬਾ ਜੀ ਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹ ਅੰਦਰ ਹੀ ਡੱਕੀ ਰਖਿਆ ਗਿਆ ਸੀ। ਆਜ਼ਾਦੀ ਤੋਂ ਪਿਛੋਂ ਦੀ ਕੈਦ ਤਾਂ ਸ਼ਾਇਦ ਆਪਣੇ ਦੇਸ ਦੀ ਆਜ਼ਾਦ ਪੁਲਸ ਵੀ ਅੰਗਰੇਜ਼ਾਂ ਵੇਲੇ ਦੀਆਂ ਲਿਖੀਆਂ ਡਾਇਰੀਆਂ ਦਾ ਕਰਕੇ ਹੀ ਕਰਦੀ ਰਹੀ ਹੋਵੇਗੀ ਜੋ ਉਹ ਜਾਂਦੇ ਜਾਂਦੇ ਇਨ੍ਹਾਂ ਹਵਾਲੇ ਕਰ ਗਏ ਹੋਣਗੇ। ਜਾਂ ਗੋਰੇ ਅੰਗਰੇਜ਼ ਆਪਣੇ ਪੁਲਸ ਮਹਿਕਮੇਂ ਦੇ ਦੇਸੀ ਕਾਲੇ ਅੰਗ੍ਰੇਜ਼ਾਂ ਲਈ ਤੋਹਫੇ ਵਜੋਂ ਜਾਣ ਬੁਝ ਕੇ ਛਡ ਗਏ ਹੋਣਗੇ ਤਾ ਕਿ ਉਹ ਆਪਣੇ ਭਰਾਵਾਂ ਨੂੰ ਜਿਨ੍ਹਾਂ ਨੇ ਬਸਤੀਵਾਦ ਦੀਆਂ ਜੜ੍ਹਾਂ ਵੱਢੀਆਂ ਸਨ ਤੇ ਉਨ੍ਹਾਂ ਨੁੰ ਵਾਪਸ ਇੰਗਲੈਂਡ ਪਰਤ ਜਾਣ ਲਈ ਮਜਬੂਰ ਕੀਤਾ ਸੀ, ਟਿਕ ਕੇ ਘਰ ਨਾ ਬਹਿਣ ਦੇਣ। ਬਾਬਾ ਜੀ ਦੀ ਜਿਹਲ ਦਾ ਖਹਿੜਾ ਅੰਤ 1948 ਵਿਚ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਆਪ ਦਖਲ ਦੇਣ ਤੇ ਹੀ ਛੁੱਟਿਆ ਸੀ। ਅੰਗਰੇਜ਼ ਦੀ ਬਦੇਸੀ ਸਰਕਾਰ ਵਲੋਂ ਦਿੱਤੀ ਉਮਰ ਕੈਦ ਦੇ ਕੁੰਭੀ ਨਰਕ ‘ਚੋਂ ਰਿਹਾਈ ਵੇਲੇ ਤਾਂ ਵਾਲ ਹੀ ਸੁਫ਼ੈਦ ਹੋਏ ਸਨ, ਮਗਰੋਂ ਦੇਸ ਦੀ ਸਰਕਾਰ ਹਥੋਂ ਦਿੱਤੀਆਂ ਸਜ਼ਾਵਾਂ ਦੀ ਰਿਹਾਈ ਵੇਲੇ ਤਾਂ ਕਮਰ ਵੀ ਝੁਕ ਗਈ ਸੀ, ਜਿਸਨੂੰ ਉਹ ਮਜ਼ਾਕ ਨਾਲ ਆਪਣੀ ਸਰਕਾਰ ਦੀ ਮੋਹਰ-ਛਾਪ ਆਖਿਆ ਕਰਦੇ ਸਨ।
ਸਮਾਗਮ ਦੇ ਆਰੰਭਕ ਸਮੇਂ ਜਦੋਂ ਬਾਬਾ ਜੀ ਪਿੰਡ ਪਹੁੰਚੇ ਤਾਂ ਦੂਰੋਂ ਦੂਰੋਂ ਆਏ ਕਿਸਾਨ ਜਥਿਆਂ ਨਾਲ ਪਿੰਡ ਦੀਆਂ ਗਲੀਆਂ ਲਾਂਘੇ ਭਰੇ ਦੱਸੇ ਜਾਂਦੇ ਹਨ।ਬਾਬਾ ਜੀ ਨੂੰ ਵੇਖ ਕੇ ਵਿਸ਼ਾਲ ਪੰਡਾਲ ਹੇਠਾਂ ਜੁੜੇ ਲੋਕਾਂ ਵਿਚ ਖੁਸ਼ੀ ਦੀ ਅਜੀਬ ਲਹਿਰ ਦੌੜ ਗਈ। ਬਾਬਾ ਸੋਹਣ ਸਿੰਘ ਹੀ ਇਸ ਵਾਰ ਦੇਸ ਦੀ ਇਸ ਸਿਰਮੌਰ ਕਿਸਾਨ ਜਥੇਬੰਦੀ ਦੇ ਪ੍ਰਧਾਨ ਵੀ ਚੁਣੇ ਗਏ ਸਨ।ਇਸਤਰਾਂ ਇਹ ਖੁਸ਼ੀ ਦੂਣ ਸਵਾਈ ਹੋ ਗਈ ਸੀ। ਬਾਬਾ ਗੁੱਜਰ ਸਿੰਘ ਹੁਰਾਂ ਦੇ ਦੱਸਣ ਅਨੁਸਾਰ ਉਸ ਅਸਮਾਨ ਨੂੰ ਛੂੰਹਦੀ ਲੋਹੇ ਦੀ ਲਾਠ ਉਪਰ 1943 ਦੇ ਉਸ ਦਿਨ ਯੂਨੀਅਨ ਜੈਕ ਨੲ੍ਹੀਂ ਸੀ, ਭਾਵੇਂ ਦਿਨ ਦੇ ਦਿਨ ਹੀ ਸਹੀ, ‘ਕੁਲ ਹਿੰਦ ਕਿਸਾਨ ਸਭਾ’ਦਾ ਝੰਡਾ ਲਹਿਰਾ ਰਿਹਾ ਸੀ।
ਦੂਰੋਂ ਲਿਸ਼ਕਾਂ ਮਾਰਦਾ ਸ਼ਿਵ ਕਰਿਸ਼ਨਾਂ ਮੰਦਰ ਤਾਂ ਹੁਣ ਲਗਦਾ ਕਾਫੀ ਪੈਸਾ ਖਰਚ ਕੇ ਬਹੁਤ ਸੋਹਣਾ ਬਣਾ ਦਿਤਾ ਗਿਆ ਹੈ।ਪਰ ਉਹ ਰੌੜ-ਮਦਾਨ ਤਾਂ ਸੁੰਗੜ ਕੇ ਗੁੰਮ ਈ ਹੋ ਗਿਆ ਹੈ ਤੇ ਉਹ ‘ਕੁਲ ਹਿੰਦ ਕਿਸਾਨ ਸਭਾ’ ਦੇ ਪਹਿਲੇ ਅਤੇ ਆਖਰੀ ਮਹਾਂ- ਸਮੇਲਨ ਦੀ ਅਸਮਾਨ ਨੂੰ ਛੁਹੰਦੀ ਬਾਕੀ ਬਚੀ ਨਿਸ਼ਾਨੀ ਦਾ ਤਾਂ ਕੋਈ ਨਾਂ-ਥੇਹ ਵੀ ਹੁਣ ਨਹੀਂ ਰਿਹਾ। ਮੈਂ ਸੋਚਦਾ ਸਾਂ ਜੇ ਕਿਤੇ ਵਿਰਸੇ ਦੀ ਕਦਰ ਸਾਡੇ ਪੰਜਾਬੀਆਂ ਦੀ ਸੋਚ ਸਮਝ ਦਾ ਅੰਗ ਹੁੰਦੀ ਤਾਂ ਭਕਨਾ ਪਿੰਡ ਦੇ ਇਤਿਹਾਸ ਦੇ ਇਸ ਗੌਰਵ ਮਈ ਮੀਲ-ਪੱਥਰ ਨੂੰ ਸਦੀਵੀ ਸੰਭਾਲ ਦਾ ਮਾਣ ਮਿਲਿਆ ਹੁੰਦਾ।ਇੱਕ ਨਹੀਂ ਦੋ ਦੇਸ਼ ਭਗਤ ਬਾਬਿਆਂ ਦਾ ਇਹ ਪਿੰਡ ਮਾਡਲ ਪਿੰਡਾਂ ਦੀ ਸ਼ਰੇਣੀ ਵਿਚ ਹੋ ਕੇ ਸੈਰ-ਸਪਾਟੇ ਦੀਆਂ ਥਾਵਾਂ ਵਾਲੇ ਭਾਰਤੀ ਨਕਸ਼ੇ ਉੱਪਰ ਤਾਂ ਕੀ ਵਿਸ਼ਵ ਦੇ ਨਕਸ਼ੇ ਤੇ ਹੁੰਦਾ।
ਦੇਸ ਵਿਚ ਗਦਰ ਪਾਰਟੀ ਦੇ ਬਾਨੀ ਬਾਬਾ ਭਕਨਾ ਨੂੰ ਸਭ ਸਰਕਾਰਾਂ ਨੇ ਵਿਸਾਰਿਆ
ਅਸਲੀ ਗੱਲ ਵਲ ਮੁੜਦਿਆਂ ਅਮਰਜੀਤ ਚੰਦਨ ਹੁਰਾਂ ਦੀ ਦੱਸ ‘ਤੇ ਮੈਂ 22 ਦਸੰਬਰ ਪੰਜਾਬੀ ਟਰੀਬਿਊਨ ਵਿਚ ਜਗਤਾਰ ਸਿੰਘ ਲਾਂਬਾ ਹੁਰਾਂ ਵਲੋਂ ਲਿਖਿਆ ਲੇਖ “ਗਦਰ ਪਾਰਟੀ ਦੇ ਬਾਨੀ ਬਾਬਾ ਭਕਨਾ ਨੂੰ ਸਭ ਸਰਕਾਰਾਂ ਨੇ ਵਿਸਾਰਿਆ”ਪੜ੍ਹਿਆ।ਉਸ ਵਿਚ ਆਦਮ ਕੱਦ ਬੁੱਤ ਸਥਾਪਤੀ ਦੀ ਮੰਗ ਦੇ ਇਲਾਵਾ ਕੁਝ ਹੋਰ ਸਾਰਥਕ ਮੁੱਦੇ ਉਠਾਏ ਗਏ ਹਨ।ਅਸਲ ਵਿਚ ਉਹ ਉਨ੍ਹਾਂ ਕਾਰਜਾਂ ਦਾ ਹੀ ਵਿਸਥਾਰ ਹਨ ਜੋ ਬਾਬਾ ਜੀ ਨੇ ਮੁੱਦਤਾਂ ਪਹਿਲਾਂ ਆਪ ਛੋਹੇ ਸਨ।ਉਦਾਹਰਣ ਵਜੋਂ ਉਨ੍ਹਾਂ ਨੇ ਜੇਲ੍ਹ ਤੋਂ ਬਾਹਿਰ ਆਉਂਦਿਆਂ ਹੀ 90 ਸਾਲ ਪਹਿਲਾਂ ਭਕਨੇ ਵਾਲਾ ਘਰ ਮੁਰੱਮਤ ਕਰਵਾ ਕੇ ਕੁੜੀਆਂ ਦਾ ਸਕੂਲ਼ ਖੋਲ੍ਹ ਦਿੱਤਾ ਸੀ ਜੋ ਬਣਦਾ ਬਣਦਾ ਕੁੜੀਆਂ ਮੁੰਡਿਆਂ ਦਾ ਸਾਂਝਾ ਜੰਤਾ ਹਾਈ ਸਕੂਲ ਅਤੇ ਹੁਣ ਮਸਾਂ ਹਾਇਰ ਸੈਕੰਡਰੀ ਤੀਕ ਹੀ ਪਹੁੰਚ ਸਕਿਆ ਹੈ।ਸਰਕਾਰਾਂ ਦੇ ਵਿਸਾਰਨ ਦੀ ਗੱਲ ਤਾਂ ਹੈ। ਪਰ ਅਜ 90 ਸਾਲਾਂ ਬਾਅਦ ਉਸੇ ਪਿੰਡ ਜਾਂ ਇਲਾਕੇ ਵਿਚ ਕੁੜੀਆਂ ਮੁੰਡਿਆਂ ਦਾ ਕਾਲਜ ਬਨੌਣ ਲਈ ਸਰਕਾਰ ਕੋਲੋਂ ਮੰਗ ਕਰਨੀ ਵੀ ਭਲਾ ਕੋਈ ਮੰਗ ਹੈ?
ਉਨ੍ਹਾਂ ਦੇ 150ਵੇਂ ਜਨਮ ਦਿਨ ਤੇ ਉਨਾਂ ਦੇ ਨਾਂ’ਤੇ ਕੋਈ ਮੰਗ ਉਠਾਉਣ ਤੋਂ ਵੀ ਪਹਿਲਾਂ ਸਭ ਤੋਂ ਚੰਗੀ ਸੌਗਾਤ ਤਾਂ ਇਹੀ ਹੋਵੇਗੀ ਕਿ ਉਹਨਾਂ ਖਾਤਿਰ ਫ਼ਿਕਰਮੰਦ ਸਾਰੀਆਂ ਹਿਤੈਸ਼ੀ ਧਿਰਾਂ – ਜਥੇਬੰਦੀਆਂ ਮਿਲ ਕੇ ਕੰਮ ਕਰਨ। ਉਨ੍ਹਾਂ ਦੇ ਜਨਮ ਦਿਨ ਮਨੌਣ ਨਾਲੋਂ ਉਨ੍ਹਾਂ ਦੀ ਸੋਚ ਨੂੰ ਅੱਗੇ ਤੋਰਨ ਅਤੇ ਸਮੇਂ ਦਾ ਹਾਣੀ ਬਣਾਈ ਰੱਖਣ ਲਈ ਇਕ ਸਰਵ-ਸਾਂਝੀ ਜਥੇਬੰਦੀ ਬਣਾਉਣ ਅਤੇ ਮਿਲ ਕੇ ਕੰਮ ਕਰਨ ਤਾਂ ਉਨ੍ਹਾਂ ਦੀ ਰੂਹ ਵਧੇਰੇ ਖੁਸ਼ ਹੋਵੇਗੀ।ਮਿਲਵਰਤਣ ਵਿਚੋਂ ਉਠਾਈ ਗਈ ਮੰਗ ਕੋਈ ਸਰਕਾਰ ਵੀ ਠੁਕਰਾ ਨਹੀਂ ਸਕੇਗੀ।
ਅੰਤ ਵਿਚ ਇਸ ਸ਼ੁਭ ਅਵਸਰ ‘ਤੇ ਬਾਬਾ ਜੀ ਅਤੇ ਉਨ੍ਹਾਂ ਵਲੋਂ ਚਲਾਈ ਸਮੁੱਚੀ ਗਦਰ ਲਹਿਰ ਲਈ ਸੱਚੀਆਂ ਸੁੱਚੀਆਂ ਭਾਵਨਾਵਾਂ ਪੇਸ਼ ਕਰਦਿਆਂ ਇਸ ਲੇਖ ਨੂੰ ਅਮਰੀਕਾ ਵਿਚ ਗ਼ਦਰ ਪਾਰਟੀ ਦੇ ਜਨਮ ਅਸਥਾਨ ‘ਤੇ ਦਿੱਤੀ ਗਈ ਮਾਨਤਾ ਦੀ ਇਸ ਖੁਸ਼ਖਬਰੀ ਨਾਲ ਸਮਾਪਤ ਕਰਨਾ ਉਚਿੱਤ ਸਮਝਦਾ ਹਾਂ:
ਆਸਟੋਰੀਆ – ਅੋਰੀਗਨ ਦੀ ਸਥਾਨਕ ਸਰਕਾਰ ਨੇ ਗ਼ਦਰ ਪਾਰਟੀ ਨੂੰ ਮਾਨਤਾ ਦਿੱਤੀ
10,000 ਮੀਲ ਦੂਰ ਗਦਰ ਪਾਰਟੀ ਦੇ ਸੌ ਸਾਲਾ ਜਨਮ ਦਿਨ ਨੂੰ ਸੰਮ੍ਰਪਿਤ ਪੋਰਟਲੈਂਡ ਅਮਰੀਕਾ ਸਥਿਤ ਇਤਿਹਾਸਕਾਰਾ ਜੋਹਾਨਾ ਔਗਡਨ ਦੀ ਖੋਜ ਉਪਰ ਆਧਾਰਤ ਰਿਪੋਟ, ਗਦਰ ਪਾਰਟੀ ਹਿਤੈਸ਼ੀ ਸਿੱਖ ਅਮਰੀਕਨ ਵਿਅਕਤੀਆਂ, ਜਥੇਬੰਦੀਆਂ, ਸਥਾਨਕ ਗੁਰਦਵਾਰਾ ਪਰਬੰਧਕ ਕਮੇਟੀਆਂ ਅਤੇ ਆਸਟੋਰੀਆ ਸ਼ਹਿਰ ਦੀ ਸਿਟੀ ਕੌਂਸਲ ਅਤੇ ਮੇਅਰ ਵਲੋਂ ਮਿਲ ਕੇ 2013 ਵਿਚ ਦੋ ਦਿਨ ਦਾ ਅੰਤਰ ਰਾਸ਼ਟਰੀ ਸੈਮੀਨਾਰ ਕੀਤਾ ਸੀ। ਉਸ ਵਿਚ ਸਾਨੂੰੰ ਵੀ ਕੈਲੇਫੋਰਨੀਆਂ ਤੋਂ ਸ਼ਾਮਿਲ ਹੋਣ ਲਈ ਸੱਦਾ ਮਿਲਿਆ ਸੀ।ਸ਼ਹਿਰ ਦੀ ਕੌਂਸਲ ਅਤੇ ਮੇਅਰ ਨੇ ਅਗਾਊਂ ਇਕ ਏਲਾਨ (Proclamation) ਪਾਸ ਕੀਤਾ ਸੀ, ਜਿਹਦੀ ਪੱਕੇ ਤੌਰ ‘ਤੇ ਵਡਮੁੱਲੀ ਪਲੈਕ ਬਣਾ ਕੇ ਕੋਲੰਬੀਆ ਦਰਿਆ ਦੀ ਵੱਖੀ ਵਿਚ ਬਣੇ ਪੈਦਲ ਸ਼ਾਹ-ਰਾਹ ਉੱਪਰ ਨਾਲ ਲਗਦੇੇ ਉਸੇ ਫ਼ਿਨਿਸ਼ ਹਾਲ ਦੀ ਥਾਂ ਦੇ ਸਾਹਮਣੇ ਲਗ ਗਈ ਹੈ, ਜਿਥੇ 100 ਸਾਲ ਪਹਿਲਾਂ 1913 ਵਿਚ ਗਦਰ ਪਾਰਟੀ ਦਾ ਜਨਮ ਹੋਇਆ ਤੇ ਸੋਹਣ ਸਿੰਘ ਪਰਧਾਨ ਚੁਣੇ ਗਏ ਸੀ।ਇਸਤਰਾਂ ਹਿੰਦੁਸਤਾਨ ਤੋਂ ਬਾਹਿਰ ਅਮਰੀਕਾ ਦੇ ਔਰੀਗੌਨ ਸੂਬੇ ਦਾ ਆਸਟੋਰੀਆ ਪਹਿਲਾ ਸ਼ਹਿਰ ਹੈ, ਜਿਥੇ ਗ਼ਦਰੀਆਂ ਦੀ ਆਜ਼ਾਦੀ ਪ੍ਰਤੀ ਸੋਚ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੀਆਂ ਕੁਰਬਾਨੀਆਂ ਨੂੰ ਇਹ ਮਾਣ ਮਿਲਿਆ ਹੈ।ਆਸਟੋਰੀਆ ਦੇ ਮੇਅਰ ਵਿਲਿਸ ਵੈਨ ਦੂਸੈਨ ਅਤੇ ਸਿਟੀ ਕੌਂਸਲ ਨੇ ਆਪਣੇ ਸ਼ੁਭ ਹਸਤਾਖਰਾਂ ਅਤੇ ਸੁਨਹਿਰੀ ਮੋਹਰ ਵਾਲੇ ਉਸ ਏਲਾਨ ਦੀ ਅਸਲੀ ਕਾਪੀ ਕੈਲੇਫੋਰਨੀਆਂ ਲੈ ਜਾਣ ਲਈ ਮੈਨੂੰ ਵੀ ਸੌਂਪੀ ਸੀ।ਕੈਲੇਫ਼ੋਰਨੀਆਂ ਪਰਤਣ ਤੇ ਕੈਲੇਫ਼ੋਰਨੀਆਂ ਦੇ ਹੋਰ ਦਰਜਣ ਤੋਂ ਵਧ ਸ਼ਹਿਰਾਂ ਦੇ ਨਾਲ ਕੈਲੇਫ਼ੋਰਨੀਆਂ ਵਿਧਾਨ ਸਭਾ ਨੇ ਵੀ ਅਜਿਹੇ ਏਲਾਨ ਗਦਰ ਪਾਰਟੀ ਦੇ ਸਨਮਾਨ ਵਿਚ ਪਾਸ ਕੀਤੇ ਹਨ।ਸਟੇਟ ਬੋਰਡ ਆਫ ਐਜੂਕੇਸ਼ਨ ਅਤੇ ਕੈਲੇਫ਼ੋਰਨੀਆਂ ਡੀਪਾਰਟਮੈਂਟ ਆਫ ਐਜੂਕੇਸ਼ਨ ਵਲੋਂ ਜਿਥੇ ਕੈਲੇਫ਼ੋਰਨੀਆਂ ਦੇ ਸਕੂਲਾਂ ਲਈ ਹਿਸਟਰੀ – ਸੋਸ਼ਲ ਸਾਇੰਸ ਦੀਆਂ ਨਵੀਆਂ ਪਾਠ-ਪੁਸਤਕਾਂ ਵਿਚ ਕੁਝ ਹੋਰ ਮਹਤਵ ਪੂਰਨ ਘਟ ਗਿਣਤੀਆਂ ਦੇ ਨਾਲ ਪਹਿਲੀ ਵੇਰ ਸਿੱਖ ਇਤਿਹਾਸ ਸ਼ਾਮਿਲ ਕੀਤਾ ਹੈ, ਉਸ ਵਿਚ ਗ਼ਦਰ ਪਾਰਟੀ ਦਾ ਬਣਦਾ ਵਿਸਥਾਰ ਸ਼ਾਮਿਲ ਕਰਨ ਦੀ ਮੰਗ ਵੀ ਚਲ ਰਹੀ ਹੈ।
ਇਸੇ ਲੇਖ ਨਾਲ ਸੰਬੰਧਤ ਕਵਿਤਾ ‘ ਮੈਂ ਈ ਹਾਂ ਸੋਹਣ ਸਿੰਘ’ ਲਈ click at:
https://www.pashaurasinghdhillon.com/2020/01/13/
Leave a Reply