੭੩ਵਾਂ ਆਜ਼ਾਦੀ ਦਿਵਸ ਭੈਣ ਕਹੋ ਜਾਂ ਭਰਾ, ਭਾਰਤ ਅਤੇ ਪਾਕਿਸਤਾਨ ਦੋਹਾਂ ਵਲੋਂ ਧੂਮੁਧਾਮ ਨਾਲ ਮਨਾਇਆ ਗਿਆ। ੨੦੦ ਸਾਲ ਦੇ ਬਦੇਸ਼ੀ ਰਾਜ ਹਥੋਂ ਆਜ਼ਾਦੀ ਲਈ ਆਵਾਜ਼ ਉਠਾਉਣ ਉਪਰ ਲਖਾਂ ਹਿੰਦੁਸਤਾਨੀ ਲੋਕ ਮਾਰੇ ਗਏ ਸਨ। ਗਦਰੀਆਂ ਅਤੇ ਭਗਤ ਸਿੰਘ ਦੇ ਸਾਥੀਆਂ ਸਮੇਤ ਜਿਨ੍ਹਾਂ ਵਿਚ ਹਿੰਦੂ, ਸਿੱਖ ਮੁਸਲਮਾਨ ਸਾਰੇ ਸ਼ਾਮਿਲ ਸਨ ਜੋ ਵੀ ਹੁਕਮਰਾਨਾਂ ਵਿਰੁਧ ਆਵਾਜ਼ ਉਠਾਉਂਦਾ ਰਿਹਾ ਮਾਰ ਦਿਤਾ ਜਾਂਦਾ ਤੇ ਜਾਂ ਕਾਲ ਕੋਠੜੀਆਂ ਵਿਚ ਖਪਾ ਦਿਤਾ ਜਾਂਦਾ ਰਿਹਾ ਸੀ। ਪਰ ਇਹ ਸਾਰੇ ਦੇਸ਼ਭਗਤ ਦੇਸ ਦੀ ਆਜ਼ਾਦੀ ਅਤੇ ਅਖੰਡਤਾ ਦੇ ਮੁਦਈ ਸਨ। ਉਹ ਤਾਂ ਕਿਸੇ ਕੀਮਤ ਵੀ ਦੇਸ ਦੇ ਟੁਕੜੇ ਨਹੀਂ ਸਨ ਵੇਖਣੇ ਚਾਹੁੰਦੇ ਜੋ ਕੁਝ ਦੇਸੀਆਂ ਤੇ ਬਸਤੀਵਾਦੀਆਂ ਦੀ ਮਿਲੀ ਭੁਗਤ ਉਸ ਕਹਾਵਤ ਅਨੁਸਾਰ ਉਨਾਂ ਦੀਆਂ ਲਾਸ਼ਾਂ ਤੇ ਕਰ ਦਿਤੇ ਗਏ ਸਨ। ਜਿਸ ਵਿਚ ੧ ਮਿਲੀਅਨ ਲੋਕ ਮਾਰੇ ਗਏ ਅਤੇ ੧੫ ਮਿਲੀਅਨ ਬੇ-ਘਰ ਹੋ ਗਏ ਸਨ।
ਸਰ ਸਿਰਲ ਰੈਡਕਲਿਫ, ਜਿਸ ਪਾਸੋਂ ਇਸ ਪਾਪ ਲਈ ਜ਼ਿਮੇਵਾਰ ਉਹ ਮਧਮ ਜਿਹੀ ਲਕੀਰ ਖਿਚਵਾਈ ਗਈ ਦੱਸੀ ਦੀ ਸੀ, ਉਹ ਆਪ ਇਹ ਗੁਨਾਹ ਕਰਵਾਏ ਜਾਣ ਮਗਰੋਂ ਇੰਨਾਂ ਸ਼ਰਮਸਾਰ ਅਤੇ ਪਸ਼ੇਮਾਨ ਹੋਇਆ ਦੱਸਿਆ ਜਾਂਦਾ ਹੈ ਕਿ ਆਪਣਾ ੩੦੦੦ ਪੌਂਡ ਦਾ ਬਣਦਾ ਮੇਹਨਤਾਨਾ ਵੀ ਉਸ ਲੈਣ ਤੋਂ ਇਨਕਾਰ ਕਰ ਦਿਤਾ ਅਤੇ ਚੁੱਪੁਚਾਪ ਵਾਪਿਸ ਇੰਗਲੈਂਡ ਪਰਤ ਗਿਆ ਸੀ। ਫਿਰ ਇਸ ਪਾਪ ਦਾ ਅਸਲੀ ਬਾਪ ਕੌਣ ਹੋਇਆ? ਉਂਗਲੀ ਅੱਗੇ ਤੋਂ ਅੱਗੇ ਉਠਦੀ ਰਹੀ ਹੈ ਤੇ ਇਹ ਰਹਿਸ ਅਜੇ ਵੀ ਜਿਉਂ ਦਾ ਤਿਉਂ ਬਣਿਆਂ ਚਲਿਆ ਆ ਰਿਹਾ ਹੈ।
ਬਾਬਾ ਭਕਨਾ ਹੋਰਾਂ ‘ਮੇਰੀ ਆਪ ਬੀਤੀ’ ਵਿਚ ਲਿੱਖਿਆ ਹੈ, ਹਿੰਦੁਸਤਾਨ ਤੇ ਪਾਕਿਸਤਾਨ ਦੇ ਟੁੱਕੜੇ ਹੋਣੇ ਵੀ ਇੰਨਾ ਨੁਕਸਾਨ ਨਾ ਸੀ, ਜੇ ਆਬਾਦੀ ਦੇ ਤਬਾਦਲੇ ਨੂੰ ਮਨਜ਼ੂਰ ਨਾ ਕੀਤਾ ਜਾਂਦਾ। ਆਬਾਦੀ ਦਾ ਤਬਾਦਲਾ ਹੀ ਸੀ, ਜਿਹਨੇ ਹਿੰਦੁਸਤਾਨ ਤੇ ਪਾਕਿਸਤਾਨ ਦੋਹਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ। ਅੰਗਰੇਜ਼ ਪੂਰੀ ਤਰਾਂ ਕਾਮਯਾਬ ਹੋ ਗਿਆ ਤੇ ਆਇੰਦਾ ਦੇ ਲਈ ਜਦ ਤਕ ਇਹ ਦੋਵੇਂ ਮੁਲਕ ਉਹਦੇ ਅਸਰ ਹੇਠੋਂ ਨਹੀਂ ਨਿਕਲਦੇ, ਦੋਵਾਂ ਨੂੰ ਹੱਦ ਤੋਂ ਜ਼ਿਆਦਾ ਖਤਰਾ ਹੈ। ਉਹ ਜਦ ਵੀ ਆਪਣੇ ਮੁਫਾਦ ਨੂੰ ਖਤਰਾ ਦੇਖਣਗੇ , ਫੌਰਨ ਇਕ ਦੂਸਰੇ ਨੂੰ ਟਕਰਾ ਦੇਣਗੇ। ਮਸਲਾ-ਏ-ਕਸ਼ਮੀਰ ਇਹਦਾ ਸਬੂਤ ਹੈ, ਜੋ ਅਅੰਗਰੇਜ਼ੀ ਤੇ ਅਮਰੀਕੀ ਮੁਫਾਦ ਲਈ ਜ਼ਿੰਦਾ ਮਸਾਲ ਹੈ।
ਅੰਮ੍ਰਿਤਾ ਪ੍ਰੀਤਮ ਦੀ ਇਸ ਬਾਰੇ ਉਹ ਚਰਚਿਤ ਨਜ਼ਮ ਤਾਂ ਮੈਨੂੰ ਨਿੱਕੇ ਹੁੰਦੇ ਤੋਂ ਜ਼ੁਬਾਨੀ ਯਾਦ ਰਹੀ ਸੀ। ਅਜ ਜਿਉਂਦੇ ਹੁੰਦੇ ਤਾਂ ਉਹਨਾਂ ੨੦੨੦ ਵਿਚ ੧੦੧ ਸਾਲ ਦੀ ਹੋ ਜਾਣਾ ਸੀ। ਉਜਾੜਿਆਂ ਵਾਲੇ ਸਾਲ ੨੮ ਸਾਲ ਦੀ ਉਮਰੇ ਜਦੋਂ ਉਨ੍ਹਾਂ ਇਹ ਹਿਰਦੇ ਵੇਦਕ ਰਚਨਾ ਰਚੀ ਸੀ ਮੈਂ ਕੇਵਲ ੬-੭ ਸਾਲ ਦਾ ਸੀ। ਭਕਨੇ ਬਾਬੇ ਦੇ ਡੇਰੇ ਰਹਿੰਦਿਆਂ ਪਰਾਇਮਰੀ ਸਕੂਲ਼ ਵਿਚ ਤੀਜੀ ਚੌਥੀ ਵਿਚ ਪੜ੍ਹਦਿਆਂ ਮੈਂ ਇਹ ਪਹਿਲੀ ਵੇਰ ਕਿਸੇ ਰਸਾਲੇ ਜਾਂ ਪ੍ਰੀਤਲੜੀ ਵਿਚ ਪੜ੍ਹੀ ਹੋਵੇਗੀ । ਉਦੋਂ ਉਹਦੀ ਪੂਰੀ ਤੇ ਸਮਝ ਨਹੀਂ ਸੀ ਪ੍ਰੰਤੂ ਉਹ ਮੈਨੂੰ ਉਦੋਂ ਤੋਂ ਹੀ ਆਪਣੇ ਬਚਪਨ ਦੀਆਂ ਨਿਕੀਆਂ ਨਿਕੀਆਂ ਹੱਡੀਆਂ ਵਿਚ ਰੜਕਦੀ ਪ੍ਰਤੀਤ ਹੁੰਦੀ ਰਹੀ ਸੀ। ਉਹਦੇ ਬੋਲ ਜੋ ਮੈਨੂੰ ਜ਼ੁਬਾਨੀ ਯਾਦ ਰਹੇ ਇਸਤਰਾਂ ਹਨ:
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ
ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਂੂੰ ਵਾਰਿਸ ਸ਼ਾਹ ਨੂੰ ਕਹਿਣ
ਉਠ ਦਰਦ ਮੰਦਾ ਦਿਆ ਦਰਦੀਆ ਤੱਕ ਆਂਪਣਾ ਪੰਜਾਬ
ਅਜ ਬੇਲੇ ਲਾਂਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿਚ ਦਿੱਤੀ ਜ਼ਹਿਰ ਮਿਲਾ
ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖੇਜ਼ ਜ਼ਮੀਂ ਦੇ, ਲੂੰ ਲੂੰ ਫੁੱਟਆ ਜ਼ਹਿਰ
ਗਿੱਠ ਚੜ੍ਹੀਆਂ ਲਾਲੀਆਂ, ਫੱਟ ਫੁੱਟ ਚੜ੍ਹਿਆ ਕਹਿਰ
ਵਿਹੁੁ ਵਲ਼ੀਸੀ ਵਾ ਫਿਰ, ਵਣ ਵਣ ਵੱਗੀ ਜਾ
ੳੇਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲਾ ਡੰਗ ਮਦਾਰੀਆਂ,ਮੰਤਰ ਗਏ ਗਵਾਚ
ਦੂਜੇ ਡੰਗ ਦੀ ਲਗ ਗਈ ਜਣੇ ਖਣੇ ਨੂੰ ਲਾਗ
ਲ਼ਗਣ ਕੀਲੇ ਲੋਕ ਮੂੰਹ ਬਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ
ਹਾਲੀਆਂ ਟੁੱਟੇ ਗੀਤ ਫਿਰ ਤੱਕਲਿਉਂ ਟੁੱਟੀ ਤੰਦ
ਤੰਿਜਣੋਂ ਟੁੱਟੀਆਂ ਸਹੇਲੀਆਂ ਚਰਖੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ, ਲੁਢਣ ਦਿੱਤੀਆਂ ਰੋਹੜ
ਸਣੇ ਡਾਲੀਆਂ ਪੀਂਘ ਅੱਜ ਪਿਪਲਾਂ ਦਿੱਤੀ ਤੋੜ
ਜਿਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਵੰਝਲੀ ਗਈ ਗਵਾਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਚ
ਧਰਤੀ ਤੇ ਲਹੂ ਵੱਗਿਆ, ਕਬਰਾਂ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅਜ ਵਿਚ ਮਜ਼ਾਰੀਂ ਰੋਣ
ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿੱਥੋਂ ਲਿਆਈਏ ਲਭ ਕੇ ਵਾਰਿਸ ਸ਼ਾਹ ਇਕ ਹੋਰ।
Leave a Reply